
'ਆਪ' ਨੇ ਕੈਪਟਨ ਅਮਰਿੰਦਰ ਸਮੇਤ ਕੇਂਦਰੀ ਮੰਤਰੀਆਂ ਨਾਲ MP ਢੇਸੀ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੇ ਸਵਾਲ
ਚੰਡੀਗੜ੍ਹ : ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਇਨ੍ਹੀ ਦਿਨੀਂ ਪੰਜਾਬ ਫੇਰੀ 'ਤੇ ਆਏ ਹੋਏ ਹਨ ਅਤੇ ਇਸ ਦੌਰਾਨ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਮੁਲਾਕਾਤ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਕਾਫੀ ਸਵਾਲ ਚੁੱਕੇ ਗਏ ਸਨ। ਹੁਣ ਇਨ੍ਹਾਂ ਦਾ ਜਵਾਬ ਦਿੰਦਿਆਂ 'ਆਪ' ਆਗੂ ਨੀਲ ਗਰਗ ਨੇ ਇੱਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨਾਲ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕਈ ਭਾਜਪਾ ਆਗੂਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
tweet
ਗਰਗ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ''ਭਾਜਪਾ ਦਾ ਦੋਗਲਾ ਚਿਹਰਾ!! ਮੁੱਖ ਮੰਤਰੀ ਭਗਵੰਤ ਮਾਨ UK ਦੇ ਸੰਸਦ ਮੈਂਬਰ ਢੇਸੀ ਨੂੰ ਮਿਲਣ ਤਾਂ ਗ਼ਲਤ ਪਰ ਜੇਕਰ BJP ਦੇ ਮੰਤਰੀ ਮਿਲਣ ਤਾਂ ਠੀਕ। ਵਾਹ ਬਈ ਵਾਹ!!!!''
MP Tanmanjeet Singh Dhesi with Former CM Captain Amarinder Singh
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨਾਲ MP ਢੇਸੀ ਦੀ ਮੁਲਾਕਾਤ ਤੋਂ ਬਾਅਦ ਭਾਜਪਾ ਆਗੂ ਅਤੇ ਸਾਬਕਾ ਫ਼ੌਜ ਮੁਖੀ ਜਨਰਲ ਜੇ. ਜੇ. ਸਿੰਘ ਨੇ ਸਵਾਲ ਖੜ੍ਹੇ ਕੀਤੇ ਸਨ। ਇਸ 'ਤੇ ਪਲਟਵਾਰ ਕਰਦਿਆਂ ਅੱਜ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਇਹ ਟਵੀਟ ਸਾਂਝਾ ਕੀਤਾ ਗਿਆ ਹੈ। ਨੀਲ ਗਰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ, ਸੋਮ ਪ੍ਰਕਾਸ਼ ਅਤੇ ਇਕ ਹੋਰ ਸਾਬਕਾ ਮੰਤਰੀ ਦੀਆਂ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
MP Tanmanjeet Singh Dhesi with CM Bhagwant Maan
ਉਨ੍ਹਾਂ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਢੇਸੀ ਨਾਲ ਮਿਲਣ ਤਾਂ ਗ਼ਲਤ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਮਿਲਣ ਤਾਂ ਠੀਕ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ ਗਈ ਸੀ।
MP Tanmanjeet Singh Dhesi with CM Maan and others
ਇਸ ਮੁਲਾਕਾਤ 'ਤੇ ਭਾਜਪਾ ਆਗੂ ਜਨਰਲ ਜੇ. ਜੇ. ਸਿੰਘ ਨੇ ਕਿਹਾ ਸੀ ਕਿ ਢੇਸੀ ਦਾ ਸਟੈਂਡ ਹਮੇਸ਼ਾ ਐਂਟੀ ਇੰਡੀਆ ਰਿਹਾ ਹੈ। ਅਜਿਹੇ 'ਚ ਭਗਵੰਤ ਮਾਨ ਨੇ ਉਨ੍ਹਾਂ ਨਾਲ ਮੁਲਾਕਾਤ ਕਿਉਂ ਕੀਤੀ ਅਤੇ ਇਸ ਮੁਲਾਕਾਤ ਦਾ ਬਿਓਰਾ ਜਨਤਕ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਭਾਜਪਾ ਆਗੂਆਂ ਦੀਆਂ ਢੇਸੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।