
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ 'ਆਪ' ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ।
Lok Sabha Elections 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿਖੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੀ ਮੌਜੂਦ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ 'ਆਪ' ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ।
ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਕਾਲੀ ਦਲ ਜਲੰਧਰ ਲੋਕ ਸਭਾ ਸੀਟ 'ਤੇ ਹੋਰ ਪਾਰਟੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰ ਲਿਆ ਹੈ। ਆਰਐਸਐਸ ਵਰਗੀਆਂ ਸੰਸਥਾਵਾਂ ਗੁਰਦੁਆਰੇ ਚਲਾ ਰਹੀਆਂ ਹਨ। ਇਹ ਪੰਜਾਬੀਅਤ ਦੇ ਵਿਰੁਧ ਹੈ। ਸਰਕਾਰ ਵਲੋਂ ਐਨਐਸਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਪਾਰਟੀ ਨੇ ਅਪਣਾ ਮੈਨੀਫੈਸਟੋ ਜਾਰੀ ਕਰ ਦਿਤਾ ਹੈ। ਪੰਜਾਬ ਵਿਚ ਚਾਰ ਮੁੱਖ ਪਾਰਟੀਆਂ ਚੋਣ ਲੜ ਰਹੀਆਂ ਹਨ ਪਰ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਅੱਗੇ ਆਇਆ ਹੈ। ਬਾਕੀ ਪਾਰਟੀ ਪੰਜਾਬ ਲਈ ਨਹੀਂ ਬਲਕਿ ਅਪਣੇ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, ‘ਪਾਰਟੀਆਂ ਸਿਰਫ ਧਰਮ ਦੀ ਰਾਜਨੀਤੀ ਕਰ ਰਹੀਆਂ ਹਨ। ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜੋ ਚਾਹੁੰਦੀ ਹੈ ਕਿ ਪੰਜਾਬ ਵਿਚ ਭਾਈਚਾਰਾ ਕਾਇਮ ਰਹੇ। ਇਸ ਨਾਲ ਪੰਜਾਬ ਤਰੱਕੀ ਕਰੇਗਾ। ਜਦੋਂ ਮੇਰੇ ਪਿਤਾ ਮੁੱਖ ਮੰਤਰੀ ਸਨ ਤਾਂ ਸਾਰੇ ਧਰਮਾਂ ਦੇ ਲੋਕ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਸਾਡੇ ਹਨ ਪਰ ਅੱਜ ਦੀਆਂ ਪਾਰਟੀਆਂ ਅਜਿਹਾ ਨਹੀਂ ਕਰਦੀਆਂ। ਕੁੱਝ ਨੇਤਾਵਾਂ ਲਈ ਇਹ ਦੇਸ਼ ਮਹੱਤਵਪੂਰਨ ਨਹੀਂ ਹੈ, ਸਿਰਫ ਉਨ੍ਹਾਂ ਦੀ ਰਾਜਨੀਤੀ ਜ਼ਰੂਰੀ ਹੈ’।
ਉਨ੍ਹਾਂ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਜਾਬ 'ਚ ਜੋ ਵੀ ਪਾਰਟੀ ਇਕ-ਦੂਜੇ ਨੂੰ ਲੜਾ ਰਹੀ ਹੈ, ਉਸ ਨੂੰ ਇਥੇ ਨਹੀਂ ਚੱਲਣ ਦਿਤਾ ਜਾਵੇਗਾ”। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਪਣੀ ਰਾਜਧਾਨੀ ਵੀ ਨਹੀਂ ਹੈ। ਕੋਈ ਵੀ ਪਾਰਟੀ ਪੰਜਾਬ ਲਈ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆ ਦੇ ਪਾਣੀ 'ਤੇ ਸਿਰਫ ਪੰਜਾਬ ਦਾ ਅਧਿਕਾਰ ਹੈ ਪਰ ਪੰਜਾਬ ਦਾ ਪਾਣੀ ਦੂਜੇ ਰਾਜਾਂ ਵੱਲ ਮੋੜਿਆ ਜਾ ਰਿਹਾ ਹੈ। ਇਹ ਸਿਰਫ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਉਸ ਪਾਣੀ 'ਤੇ ਕੇਵਲ ਤੁਹਾਡਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ਅਤੇ ਹਰਿਆਣਾ ਨੂੰ ਅੱਧਾ ਪਾਣੀ ਦਿਤਾ। ਪੰਜਾਬ ਨੂੰ ਸਿਰਫ 25 ਫ਼ੀ ਸਦੀ ਪਾਣੀ ਮਿਲ ਰਿਹਾ ਹੈ। ਇਸ ਨਾਲ ਸਿਰਫ ਪੰਜਾਬੀ ਹੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਵਾਂਗੇ।