
ਯੂਥ ਕਾਂਗਰਸ ਦੇ ਵਰਕਰਾਂ 'ਤੇ ਲੱਗਾ ਡੰਡਿਆਂ ਨਾਲ ਗੱਡੀਆਂ 'ਤੇ ਹਮਲਾ ਕਰਨ ਦਾ ਇਲਜ਼ਾਮ
ਕਾਂਗਰਸ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਕਿਹਾ, ਕਾਂਗਰਸ ਨਹੀਂ ਕਰਦੀ ਅਜਿਹੀ ਸੌੜੀ ਸਿਆਸਤ
ਸਾਡੇ ਲਈ ਘਿਉ ਦਾ ਕੰਮ ਕਰਦੀਆਂ ਕਾਲੀਆਂ ਝੰਡੀਆਂ, ਅਕਾਲੀ ਸਾਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਸਨ ਤੇ ਅੱਜ ਅਪਣਾ ਰੰਗ ਭੁੱਲ ਗਏ : ਮੁੱਖ ਮੰਤਰੀ
ਮੋਹਾਲੀ (ਕੋਮਲਜੀਤ ਕੌਰ): ਸ੍ਰੀ ਗੰਗਾਨਗਰ ਵਿਖੇ 'ਆਪ' ਕਨਵੀਨਰ ਅਰਵਿੰਦ ਕੇਜਰਵਿਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ 'ਤੇ ਹਮਲਾ ਹੋਇਆ ਹੈ। ਯੂਥ ਕਾਂਗਰਸ ਦੇ ਵਰਕਰਾਂ 'ਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਡੰਡਿਆਂ ਨਾਲ ਗੱਡੀਆਂ 'ਤੇ ਹਮਲਾ ਕੀਤਾ ਅਤੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਕਾਂਗਰਸ ਵਰਕਰਾਂ ਵਲੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਹਨ।
ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੰਗਾਨਗਰ ਵਿਖੇ ਅਪਣੇ ਸੰਬੋਧਨ ਦੌਰਾਨ ਜ਼ਿਕਰ ਕੀਤਾ ਕਿ ਸਾਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ‘ਆਪ’ ਇਕ ਦਰਿਆ ਇਸ ਨੂੰ ਰੋਕਿਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ''ਮੈਨੂੰ ਪਤਾ ਲੱਗਿਆ ਕਿ ਅੱਜ ਗਹਿਲੋਤ ਜੀ ਨੇ ਦਿਹਾੜੀ 'ਤੇ ਕਾਲੀਆਂ ਝੰਡੀਆਂ ਵਾਲੇ ਭੇਜੇ ਹਨ। ਸਾਡੇ ਲਈ ਕਾਲੀਆਂ ਝੰਡੀਆਂ ਘਿਉ ਦਾ ਕੰਮ ਕਰਦੀਆਂ ਹਨ। ਅਕਾਲੀ ਸਾਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਸਨ ਤੇ ਅੱਜ ਅਪਣਾ ਰੰਗ ਭੁੱਲ ਗਏ ਹਨ।'' ਇਸ ਮੌਕੇ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਤੂਫ਼ਾਨ ਦਾ ਨਾਂਅ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲਗਦੇ ਦਰਿਆ ਅਪਣਾ ਰਸਤਾ ਖ਼ੁਦ ਬਣਾਉਂਦੇ ਹਨ। ਸਾਡੀਆਂ ਰੈਲੀਆਂ ਵਿਚ ਰੋਕਾਂ ਲਗਾ ਕੇ ਸਾਨੂੰ ਡਰਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਬਬੀਤਾ ਫੋਗਾਟ ਨੇ ਸਾਡੇ ਵਿਰੋਧ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ : ਸਾਕਸ਼ੀ ਮਲਿਕ
ਇਸ ਬਾਰੇ 'ਆਪ' ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਜਿਹੀਆਂ ਰੋਕਾਂ ਲਗਾਉਣੀਆਂ ਇਨ੍ਹਾਂ ਦੀ ਰਿਵਾਇਤ ਹੈ। ਪੰਜਾਬ ਵਿਚ ਵੀ ਅਕਾਲੀ ਅਤੇ ਕਾਂਗਰਸੀ ਅਜਿਹੀਆਂ ਚੀਜ਼ਾਂ ਕਰਦੇ ਰਹਿ ਹਨ ਪਰ ਸਾਨੂੰ ਇਨ੍ਹਾਂ ਤੋਂ ਡਰ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮੁੱਦੇ ਚੁੱਕਦੇ ਹਨ ਤੇ ਲੋਕ ਸਾਨੂੰ ਪਿਆਰ ਕਰਦੇ ਹਨ। ਵਿਰੋਧੀ ਪਾਰਟੀਆਂ ਵਲੋਂ ਕਾਲੀਆਂ ਝੰਡੀਆਂ ਦਿਖਾਉਣਾ ਸਾਡੇ ਲਈ ਸੋਨੇ 'ਤੇ ਸੁਹਾਗਾ ਹਨ ਕਿਉਂਕਿ ਇਨ੍ਹਾਂ ਦੀਆਂ ਅਜਿਹੀਆਂ ਗਤੀਵਿਧੀਆਂ ਨਾਲ ਲੋਕਾਂ ਨੂੰ ਅਸਲੀਅਤ ਪਤਾ ਲਗਦੀ ਹੈ।
ਉਧਰ ਕਾਂਗਰਸ ਆਗੂ ਜਸਕਰਨ ਸਿੰਘ ਕਾਹਲੋਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਨੇ ਇਸ ਨੂੰ 'ਆਪ' ਅਤੇ ਅਰਵਿੰਦ ਕੇਜਰੀਵਾਲ ਦੀ ਸਿਆਸੀ ਚਾਲ ਕਰਾਰ ਦਿਤਾ ਹੈ। ਕਾਹਲੋਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਨਾ ਤਾਂ ਕਦੇ ਅਜਿਹੀ ਘਟੀਆ ਤੇ ਸੌੜੀ ਸਿਆਸਤ ਕੀਤੀ ਹੈ ਅਤੇ ਨਾ ਹੀ ਕਾਂਗਰਸੀ ਵਰਕਰ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਥੇ ਵੀ ਜਾਂਦੇ ਹਨ ਉਥੇ ਹੀ ਵਿਰੋਧੀ ਪਾਰਟੀਆਂ 'ਤੇ ਅਜਿਹੇ ਹੀ ਘਟੀਆ ਇਲਜ਼ਾਮ ਲਗਾਉਂਦੇ ਹਨ ਅਤੇ ਫਿਰ ਅਪਣੀ ਗੱਲ ਸ਼ੁਰੂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਉਣਾ ਇਨ੍ਹਾਂ ਦੀ ਪੁਰਾਣੀ ਆਦਤ ਹੈ।