ਕਿਹਾ, ਮੈਨੂੰ ਉਮੀਦ ਹੈ ਕਿ ਪੁਰਾਣੀਆਂ ਬੁਰਾਈਆਂ ਨੂੰ ਪਿੱਛੇ ਛੱਡ ਕੇ ਅਸੀਂ ਨਵੇਂ ਸਦਨ ’ਚ ਚੰਗੀਆਂ ਚੀਜ਼ਾਂ ਦੇ ਨਾਲ ਦਾਖ਼ਲ ਹੋਵਾਂਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸੈਸ਼ਨ ਛੋਟਾ ਹੈ ਪਰ ਸਮੇਂ ਦੇ ਲਿਹਾਜ਼ ਨਾਲ ਇਹ ‘ਬਹੁਤ ਵੱਡਾ’, ‘ਮੁੱਲਵਾਨ’ ਅਤੇ ‘ਇਤਿਹਾਸਕ ਫੈਸਲਿਆਂ’ ਨਾਲ ਭਰਪੂਰ ਹੈ।
ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ 75 ਸਾਲਾਂ ਦਾ ਸਫ਼ਰ ਹੁਣ ਇਕ ਨਵੀਂ ਥਾਂ ਤੋਂ ਸ਼ੁਰੂ ਹੋ ਰਿਹਾ ਹੈ।
ਉਨ੍ਹਾਂ ਸੰਸਦ ’ਚ ਵੱਖ-ਵੱਖ ਪਾਰਟੀਆਂ ਵਲੋਂ ਕੀਤੇ ਗਏ ਹੰਗਾਮੇ ਵਲ ਇਸ਼ਾਰਾ ਕਰਦਿਆਂ ਕਿਹਾ, ‘‘ਰੋਣ ਦਾ ਸਮਾਂ ਤਾਂ ਬਹੁਤ ਹੈ, ਕਰਦੇ ਰਹੋ, ਪਰ ਜ਼ਿੰਦਗੀ ਵਿਚ ਕੁਝ ਪਲ ਅਜਿਹੇ ਹੁੰਦੇ ਹਨ, ਜੋ ਤੁਹਾਨੂੰ ਉਤਸ਼ਾਹ ਨਾਲ... ਵਿਸ਼ਵਾਸ ਨਾਲ ਭਰ ਦਿੰਦੇ ਹਨ। ਮੈਂ ਇਸ ਛੋਟੇ ਸੈਸ਼ਨ ਨੂੰ ਇਸੇ ਤਰ੍ਹਾਂ ਵੇਖਦਾ ਹਾਂ।’’
ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਪੁਰਾਣੀਆਂ ਬੁਰਾਈਆਂ ਨੂੰ ਪਿੱਛੇ ਛੱਡ ਕੇ ਅਸੀਂ ਨਵੇਂ ਸਦਨ ’ਚ ਚੰਗੀਆਂ ਚੀਜ਼ਾਂ ਦੇ ਨਾਲ ਦਾਖ਼ਲ ਹੋਵਾਂਗੇ ਅਤੇ ਨਵੇਂ ਸਦਨ ’ਚ ਚੰਗੀਆਂ ਚੀਜ਼ਾਂ ਦੀ ਕਦਰ ਵਧਾਉਣ ’ਚ ਕੋਈ ਕਸਰ ਨਹੀਂ ਛੱਡਾਂਗੇ। ਸਾਡੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ।’’ ਸੰਸਦ ਦਾ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ।