
ਗੁਰਦੁਆਰਾ ਸਾਹਿਬ ਪ੍ਰਮੇਸ਼ਰ ਦੁਆਰ ਸੇਖੂਪੁਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ..
ਸੰਗਰੂਰ, 26 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ): ਗੁਰਦੁਆਰਾ ਸਾਹਿਬ ਪ੍ਰਮੇਸ਼ਰ ਦੁਆਰ ਸੇਖੂਪੁਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਦਾ ਡੇਰਾ ਵਿਵਾਦ ਨਾਲ ਕੋਈ ਸਬੰਧ ਨਹੀਂ।
25 ਅਗੱਸਤ ਨੂੰ ਸੀ.ਬੀ.ਆਈ ਅਦਾਲਤ ਪੰਚਕੂਲਾ ਵਿਖੇ ਡੇਰਾ ਸਰਸਾ ਮੁਖੀ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਭਾਵੇਂ ਪੰਜਾਬ ਵਿਚ ਮਾਹੌਲ ਕਾਫ਼ੀ ਗੜਬੜਾ ਗਿਆ ਹੈ ਪਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਫਿਰ ਵੀ ਸੰਗਤ ਨੂੰ ਸ਼ਾਂਤ ਰਹਿਣ ਅਤੇ ਗੁਰੂ ਘਰਾਂ ਦੀ ਰਖਵਾਲੀ ਕਰਨ ਦੀ ਅਪੀਲ ਕੀਤੀ। ਜੇਕਰ ਕੋਈ ਵਿਅਕਤੀ ਸਿੱਖ ਸੰਗਤ ਨੂੰ ਭੜਕਾਉਦਾ ਹੈ ਤਾਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਅਤੇ ਪੰਜਾਬ ਸਰਕਾਰ ਗੁਰੂ ਘਰਾਂ ਦੀ ਰਾਖੀ ਯਕੀਨੀ ਬਣਾਉਣ। ਪੰਜਾਬ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਹਲਕਾ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸਾਰੇ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਵਰਕਰਾਂ ਨੂੰ ਸੁਚੇਤ ਕੀਤਾ ਹੈ ਕਿ ਅਪਣੇ ਅਪਣੇ ਹਲਕਿਆਂ ਵਿਚ ਮਾਹੌਲ ਸ਼ਾਂਤਮਈ ਬਣਾਇਆ ਜਾਵੇ। ਕਿਸੇ ਵੀ ਸ਼ਰਾਰਤੀ ਨੂੰ ਹੁੱਲੜਬਾਜ਼ੀ ਕਰਨ ਦੀ ਆਗਿਆ ਨਾ ਦਿਤੀ ਜਾਵੇ।
ਸਾਬਕਾ ਸਸੰਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਟਕਸਾਲੀ ਆਗੂ ਹਰਦੇਵ ਸਿੰਘ ਕਾਲਾਝਾੜ ਨੇ ਕਿਹਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇਥੇ ਲੋਕ ਹਮੇਸ਼ਾਂ ਰਲ ਮਿਲ ਕੇ ਸਾਂਝੇ ਤੌਰ 'ਤੇ ਰਹਿੰਦੇ ਹਨ, ਪਰ ਕੁਝ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਉਕਤ ਆਗੂਆਂ ਨੇ ਲੋਕਾਂ ਇਕਜੁਟਤਾ ਦਾ ਪ੍ਰਗਟਾਵਾ ਦੇਣ ਦੀ ਅਪੀਲ ਕੀਤੀ।