ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਕਰਵਾਈ ਗਈ ਲੈਂਡਿੰਗ
ਨਵੀਂ ਦਿੱਲੀ : ਬੈਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਪਰਤ ਰਹੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਾਣਕਾਰੀ ਅਨੁਸਾਰ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਮੰਗਲਵਾਰ (18 ਜੁਲਾਈ) ਨੂੰ ਚਾਰਟਰਡ ਫਲਾਈਟ ਰਾਹੀਂ ਬੈਂਗਲੁਰੂ ਤੋਂ ਦਿੱਲੀ ਜਾ ਰਹੇ ਸਨ।
ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਭੋਪਾਲ ਏਅਰਪੋਰਟ 'ਤੇ ਉਤਾਰ ਦਿਤਾ ਗਿਆ। ਜਿਸ ਤੋਂ ਬਾਅਦ ਸੋਨੀਆ ਅਤੇ ਰਾਹੁਲ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਏ।
ਜ਼ਿਕਰਯੋਗ ਹੈ ਕਿ ਦੋਵੇਂ ਆਗੂ ਸੋਮਵਾਰ ਨੂੰ ਸ਼ੁਰੂ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ 'ਚ ਸ਼ਾਮਲ ਹੋਣ ਲਈ ਬੈਂਗਲੁਰੂ ਗਏ ਸਨ। ਇਹ ਮੀਟਿੰਗ ਮੰਗਲਵਾਰ ਨੂੰ ਖਤਮ ਹੋ ਗਈ ਹੈ। ਇਸ ਮੀਟਿੰਗ ਵਿਚ 26 ਵਿਰੋਧੀ ਪਾਰਟੀਆਂ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨਾਮ ਦੇ ਇਕ ਨਵੇਂ ਗਠਜੋੜ ਦਾ ਐਲਾਨ ਕੀਤਾ ਹੈ।