ਚੰਨ ਦੀਆਂ ਬਦਸੂਰਤ ਤਸਵੀਰਾਂ ਜਾਰੀ ਨਾ ਕਰੋ : ਸਮਾਜਵਾਦੀ ਪਾਰਟੀ ਆਗੂ ਰਾਮ ਗੋਪਾਲ ਯਾਦਵ
ਨਵੀਂ ਦਿੱਲੀ: ਰਾਜ ਸਭਾ ’ਚ ਬੁਧਵਾਰ ਨੂੰ ਉਸ ਸਮੇਂ ਹਾਸੇ ਦੀ ਲਹਿਰ ਦੌੜ ਗਈ ਜਦੋਂ ਸਮਾਜਵਾਦੀ ਪਾਰਟੀ ਆਗੂ ਰਾਮ ਗੋਪਾਲ ਯਾਦਵ ਨੇ ਭਾਰਤ ਦੇ ਪੁਲਾੜ ਵਿਗਿਆਨੀਆਂ ਤੋਂ ਚੰਦਰਯਾਨ-3 ਮਿਸ਼ਨ ਦੌਰਾਨ ਲਈਆਂ ਗਈਆਂ ਚੰਨ ਦੀਆਂ ਬਦਸੂਰਤ ਤਸਵੀਰਾਂ ਨੂੰ ਹਟਾਉਣ ਦੀ ਅਨੋਖੀ ਮੰਗ ਕੀਤੀ।
ਉਨ੍ਹਾਂ ਕਿਹਾ, ‘‘ਇਨ੍ਹਾਂ ਨੂੰ ਅਪਣੇ ਅਧਿਐਨ ਲਈ ਰੱਖੋ, ਸਾਰਿਆਂ ਲਈ ਜਾਰੀ ਨਾ ਕਰੋ ਕਿਉਂਕਿ ਚੰਨ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਣ ਵਾਲੇ ਲੋਕਾਂ ਦੇ ਮਨਾਂ ਨੂੰ ਇਹ ਗੱਲ ਲੱਗ ਜਾਵੇਗੀ।’’
ਯਾਦਵ ਨੇ ‘ਭਾਰਤ ਦੀ ਸ਼ਾਨਦਾਰ ਪੁਲਾੜ ਯਾਤਰਾ ਚੰਦਰਯਾਨ-3’ ਦੀ ਸਫਲ ਸਾਫਟ ਲੈਂਡਿੰਗ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਇਹ ਅਨੋਖੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, ‘‘ਅਨੰਤਕਾਲ ਤੋਂ ਅਸੀਂ ਚੰਨ ਨੂੰ ਬਹੁਤ ਸੋਹਣਾ ਮੰਨਦੇ ਆਏ ਹਾਂ। ਅਸੀਂ ਅਪਣੇ ਵਿਗਿਆਨੀਆਂ ਨੂੰ ਕਹਾਂਗੇ ਕਿ ਚੰਦਰਮਾ ਦੀਆਂ ਬਦਸੂਰਤ ਤਸਵੀਰਾਂ ਨਾ ਭੇਜੋ, ਖੋਜ ਕਰਦੇ ਰਹੋ।’’
ਸਮਾਜਵਾਦੀ ਪਾਰਟੀ ਆਗੂ ਦੀ ਇਸ ਅਨੋਖੀ ਮੰਗ ’ਤੇ ਨਾ ਸਿਰਫ਼ ਮੈਂਬਰ ਸਗੋਂ ਚੇਅਰਮੈਨ ਜਗਦੀਪ ਧਨਖੜ ਵੀ ਖਿੜਖਿੜਾ ਕੇ ਹੱਸ ਪਏ। ਯਾਦਵ ਨੇ ਕਿਹਾ ਕਿ ਔਰਤਾਂ ਦੇ ਨਾਂ ਸ਼ਸ਼ੀ ਪ੍ਰਭਾ ਜਾਂ ਚੰਦਰ ਪ੍ਰਭਾ ਹਨ, ਜਦੋਂ ਕਿ ਬੰਦਿਆਂ ਦੇ ਨਾਂ ’ਚ ਚੰਦ ਲਗਿਆ ਹੁੰਦਾ ਹੈ, ਜਿਵੇਂ ਸੁਭਾਸ਼ ਚੰਦ, ਮਾਨਿਕ ਚੰਦ ਆਦਿ। ਉਸ ਨੇ ਕਿਹਾ ਕਿ ਇਹ ਇਸੇ ਕਾਰਨ ਹੁੰਦਾ ਹੈ ਹੈ ਕਿਉਂਕਿ ਚੰਨ ਸੁੰਦਰਤਾ ਦਾ ਪ੍ਰਤੀਕ ਹੈ।
ਚੰਦਰਯਾਨ-3 ਦੀ ਸਫਲਤਾ ’ਤੇ ਰਾਜ ਸਭਾ ’ਚ ਚਰਚਾ, ਭਾਰਤੀ ਵਿਗਿਆਨੀਆਂ ਨੂੰ ਵਧਾਈ ਦੇਣ ਵਾਲਾ ਮਤਾ ਸਰਬਸੰਮਤੀ ਨਾਲ ਪਾਸ
ਨਵੀਂ ਦਿੱਲੀ: ਰਾਜ ਸਭਾ ਨੇ ਬੁਧਵਾਰ ਨੂੰ ਸਰਬਸੰਮਤੀ ਨਾਲ ਚੰਦਰਯਾਨ-3 ਮਿਸ਼ਨ ਦੀ ਸਫਲਤਾ ਲਈ ਭਾਰਤੀ ਖਾਸ ਤੌਰ ’ਤੇ ਮਹਿਲਾ ਵਿਗਿਆਨੀਆਂ ਨੂੰ ਵਧਾਈ ਦੇਣ ਵਾਲਾ ਮਤਾ ਪਾਸ ਕੀਤਾ। ‘ਭਾਰਤ ਦੀ ਸ਼ਾਨਦਾਰ ਪੁਲਾੜ ਯਾਤਰਾ ਚੰਦਰਯਾਨ-3’ ਦੀ ਸਫਲ ਸਾਫਟ ਲੈਂਡਿੰਗ ਦੇ ਵਿਸ਼ੇ ’ਤੇ ਉੱਚ ਸਦਨ ’ਚ ਸੱਤ ਘੰਟੇ ਤੋਂ ਵੱਧ ਚਰਚਾ ਤੋਂ ਬਾਅਦ ਇਹ ਮਤਾ ਪਾਸ ਕੀਤਾ ਗਿਆ। ਚਰਚਾ ਦੌਰਾਨ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਮੰਗ ਕੀਤੀ ਸੀ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਭਾਰਤੀ ਵਿਗਿਆਨੀਆਂ ਨੂੰ ਵਧਾਈ ਦੇਣ ਲਈ ਸਦਨ ’ਚ ਮਤਾ ਪਾਸ ਕੀਤਾ ਜਾਵੇ।
ਇਨ੍ਹਾਂ ਸੁਝਾਵਾਂ ਨੂੰ ਧਿਆਨ ’ਚ ਰਖਦਿਆਂ ਚੇਅਰਮੈਨ ਜਗਦੀਪ ਧਨਖੜ ਨੇ ਚਰਚਾ ਦੇ ਅੰਤ ’ਚ ਮਤਾ ਪੜ੍ਹਿਆ ਜਿਸ ਨੂੰ ਸਦਨ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਮਤੇ ’ਚ ਕਿਹਾ ਗਿਆ ਹੈ, ‘‘ਭਾਰਤ ਦਾ ਪੁਲਾੜ ਪ੍ਰੋਗਰਾਮ ਰਾਸ਼ਟਰੀ ਮਾਣ ਦਾ ਵਿਸ਼ਾ ਹੈ। ਇਹ ਰਾਸ਼ਟਰੀ ਤਕਨੀਕੀ ਅਤੇ ਵਿਗਿਆਨਕ ਹੁਨਰ ਦਾ ਨਿਰੰਤਰ ਸਬੂਤ ਹੈ। ਇਕ ਸਕਾਰਾਤਮਕ ਈਕੋਸਿਸਟਮ ਅਤੇ ਦੂਰਦਰਸ਼ੀ ਲੀਡਰਸ਼ਿਪ ਨੇ ਸਾਡੇ ਵਿਗਿਆਨੀਆਂ ਨੂੰ ਅਪਣੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਅਤੇ ਅਪਣੀ ਊਰਜਾ ਨੂੰ ਜਾਰੀ ਕਰਨ ਅਤੇ ਇਸ ਇਤਿਹਾਸਕ ਮੀਲ ਪੱਥਰ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਹ ਸਦਨ ਵਿਗਿਆਨੀਆਂ, ਖਾਸ ਤੌਰ ’ਤੇ ਮਹਿਲਾ ਵਿਗਿਆਨੀਆਂ ਦੀ ਸ਼ਲਾਘਾ ਅਤੇ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਚੰਦਰਮਾ ਦੇ ਦਖਣੀ ਧਰੁਵ ’ਤੇ ਸਾਫਟ ਲੈਂਡਿੰਗ ਕਰਨ ਦਾ ਕਾਰਨਾਮਾ ਹਾਸਲ ਕੀਤਾ ਹੈ। ਇਹ ਪ੍ਰਾਪਤੀ ਅਤੇ ਹੋਰ ਪੁਲਾੜ ਮਿਸ਼ਨ ਲੰਮੇ ਸਮੇਂ ਤਕ ਚੱਲਣ ਵਾਲੀ ਸਮਾਜਕ ਅਤੇ ਆਰਥਕ ਤਰੱਕੀ ਲਈ ਰਾਹ ਪੱਧਰਾ ਕਰਨਗੇ।’’
ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਪੁਲਾੜ ’ਚ ਭਾਰਤ ਦੀਆਂ ਪ੍ਰਾਪਤੀਆਂ ਅਤੇ ਚੰਦਰਯਾਨ-3 ਦੀ ਸਫਲਤਾ ਦਾ ਸਿਹਰਾ ਦੇਸ਼ ਦੇ ਵਿਗਿਆਨੀਆਂ ਨੂੰ ਦਿਤਾ ਅਤੇ ਵਿਗਿਆਨਕ ਖੋਜ ’ਤੇ ਘੱਟ ਖਰਚ ਲਈ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਵਿਗਿਆਨੀਆਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਚਰਚਾ ’ਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਗਿਆਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿਤਾ।
ਤ੍ਰਿਣਮੂਲ ਕਾਂਗਰਸ ਦੇ ਅਬੀਰ ਰੰਜਨ ਬਿਸਵਾਸ ਨੇ ਕਿਹਾ ਕਿ ਜਦੋਂ ਲੈਂਡਰ ਰੋਵਰ ਚੰਦਰਯਾਨ ’ਤੇ ਉਤਰਨ ਵਾਲਾ ਸੀ ਤਾਂ ਪੂਰਾ ਦੇਸ਼ ਇਸ ਦੇ ਲੈਂਡਿੰਗ ਦਾ ਦ੍ਰਿਸ਼ ਵੇਖਣ ਅਤੇ ਵਿਗਿਆਨੀਆਂ ਦੇ ਜਸ਼ਨ ਤੋਂ ਵਾਂਝਾ ਰਹਿ ਗਿਆ ਕਿਉਂਕਿ ਪ੍ਰਧਾਨ ਮੰਤਰੀ ਨੂੰ ਲਾਈਵ ਟੈਲੀਕਾਸਟ ਦੇ ਫਰੇਮ ’ਚ ਵੇਖਿਆ ਗਿਆ। ਕੌਮੀ ਟੀ.ਵੀ. ਚੈਨਲ ’ਤੇ ਤਿਰੰਗਾ ਲਹਿਰਾਉਂਦਾ ਵਿਖਾਇਆ ਗਿਆ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਵਿਖਾਇਆ ਗਿਆ ਸੀ ਤਾਂ ਸਕਰੀਨ ਦੇ ਬਾਕੀ ਹਿੱਸੇ ’ਚ ਲੈਂਡਿੰਗ ਸੀਨ ਟੈਲੀਕਾਸਟ ਕੀਤੇ ਜਾ ਰਹੇ ਸਨ।