
ਸਿਆਸੀ ਪਾਰਟੀਆਂ ’ਤੇ ਧਰਮ ਵੇਖ ਕੇ ਅਪਣੇ ਤੇਵਰ ਬਦਲ ਲੈਣ ਦਾ ਲਗਾਇਆ ਦੋਸ਼
ਔਰੰਗਾਬਾਦ: ਸਿਆਸੀ ਪਾਰਟੀਆਂ ’ਤੇ ਧਰਮ ਵੇਖ ਕੇ ਅਪਣੇ ਤੇਵਰ ਬਦਲ ਲੈਣ ਦਾ ਦੋਸ਼ ਲਾਉਂਦਿਆਂ ਅੱਜ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਦੇ ਸੰਸਦ ਮੈਂਬਰ ਇਮਤਿਆਜ਼ ਜਲੀਲ ਨੇ ਦਾਅਵਾ ਕੀਤਾ ਹੈ ਕਿ ਵੰਚਿਤ ਬਹੁਜਨ ਆਘਾੜੀ (ਵੀ.ਬੀ.ਏ.) ਦੇ ਆਗੂ ਪ੍ਰਕਾਸ਼ ਅੰਬੇਡਕਰ ਦੇ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ’ਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਮਕਬਰੇ ਦਾ ਦੌਰਾ ਕਰਨ ਤੋਂ ਬਾਅਦ ਸਿਆਸੀ ਪਾਰਟੀਆਂ ਦੀ ਭਾਸ਼ਾ ਬਦਲ ਗਈ ਹੈ।
ਔਰੰਗਾਬਾਦ ’ਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਮੁਖਾਤਬ ਜਲੀਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਔਰੰਗਜ਼ੇਬ ਦੇ ਮਕਬਰੇ ਦਾ ਦੌਰਾ ਕੀਤਾ ਸੀ, ਤਾਂ ਸਿਆਸੀ ਪਾਰਟੀਆਂ ਦੀ ਭਾਸ਼ਾ ਵੱਖ ਸੀ। ਵੀ.ਬੀ.ਏ. ਆਗੂ ਅੰਬੇਡਕਰ ਨੇ ਔਰੰਗਜ਼ੇਬ ਦੀ ਤਾਰੀਫ਼ ਵਾਲੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ’ਚ ਪਿੱਛੇ ਜਿਹੇ ਹੋਏ ਵਿਰੋਧ-ਪ੍ਰਦਰਸ਼ਨਾਂ ਅਤੇ ਝੜਪਾਂ ਤੋਂ ਬਾਅਦ ਸਨਿਚਰਵਾਰ ਨੂੰ ਮੁਗ਼ਲ ਬਾਦਸ਼ਾਹ ਦੇ ਮਕਬਰੇ ਦਾ ਦੌਰਾ ਕੀਤਾ।
ਏ.ਆਈ.ਐਮ.ਆਈ.ਐਮ. ਆਗੂ ਨੇ ਔਰੰਗਜ਼ੇਬ ਦੇ ਮਕਬਰੇ ਦਾ ਦੌਰਾ ਕਰਨ ਦੇ ਅੰਬੇਡਕਰ ਦੇ ਕਦਮ ਦੀ ਹਮਾਇਤ ਵੀ ਕੀਤੀ। ਜਲੀਲ ਨੇ ਕਿਹਾ, ‘‘ਜਦੋਂ ਮੈਂ ਮਕਬਰੇ ਦਾ ਦੌਰਾ ਕੀਤਾ ਸੀ ਤਾਂ ਹੋਰ ਸਿਆਸੀ ਪਾਰਟੀਆਂ ਨੇ ਜਿਸ ਭਾਸ਼ਾ ਦਾ ਪ੍ਰਯੋਗ ਕੀਤਾ ਸੀ, ਉਹ ਅੱਜ ਬਦਲ ਗਈ ਹੈ। ਉਨ੍ਹਾਂ ਨੇ ਮੇਰੀ ਵਾਰੀ ਹੰਗਾਮਾ ਖੜਾ ਕਰ ਦਿਤਾ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਅੰਬੇਡਕਰ ਨੂੰ ਸੰਵਿਧਾਨ ਹੇਠ ਅਜਿਹਾ ਕਰਨ ਦਾ ਅਧਿਕਾਰ ਹੈ।’’
ਇਹ ਵੀ ਪੜ੍ਹੋ: ਸਕੂਲੀ ਕਿਤਾਬਾਂ ’ਚੋਂ ਡਾਰਵਿਨ ਦਾ ਪੂਰਾ ਸਿਧਾਂਤ ਨਹੀਂ ਹਟਾਇਆ ਗਿਆ : ਕੇਂਦਰੀ ਸਿਖਿਆ ਮੰਤਰੀ
ਔਰੰਗਾਬਾਦ ਤੋਂ ਲੋਕ ਸਭਾ ਮੈਂਬਰ ਜਲੀਲ ਨੇ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਹਰ ਕਿਸੇ ਨੂੰ ਉਹ ਕਰਨ ਦਾ ਅਧਿਕਾਰ ਹੈ, ਜੋ ਉਹ ਕਰਨਾ ਚਾਹੁੰਦਾ ਹੈ। ਹਰ ਕਿਸੇ ਨੂੰ ਉੱਥੇ ਜਾਣ ਦਾ ਅਧਿਕਾਰ ਹੈ, ਜਿੱਥੇ ਉਹ ਜਾਣਾ ਚਾਹੁੰਦਾ ਹੈ। ਇਹੀ ਸੰਵਿਧਾਨ ਦੀ ਖ਼ੂਬਸੂਰਤੀ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਅੱਜ ਦੇ ਸਮੇਂ ’ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਰੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘‘ਮੈਨੂੰ ਪਿਛਲੇ 75 ਸਾਲਾਂ ’ਚ ਇਕ ਵੀ ਅਜਿਹਾ ਮੌਕਾ ਦੱਸੋ ਜਦੋਂ ਮੁਸਲਮਾਨਾਂ ਨੇ ਔਰੰਗਜ਼ੇਬ ਦਾ ਜਨਮਦਿਨ ਮਨਾਇਆ ਹੋਵੇ ਜਾਂ ਮੁਗ਼ਲ ਬਾਦਸ਼ਾਹ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਹੋਣ। ਭਾਜਪਾ ਸੱਤਾ ’ਚ ਆਈ ਅਤੇ ਅਚਾਨਕ ‘ਔਰੰਗਜ਼ੇਬ... ਔਰੰਗਜ਼ੇਬ’ ਦਾ ਨਾਂ ਉੱਠਣ ਲੱਗਾ।’’ ਜਲੀਲ ਨੇ ਦਾਅਵਾ ਕੀਤਾ ਕਿ ‘ਜ਼ਹਿਰ ਦੇ ਬੀਜ ਬੀਜਣ ਦਾ ਕੰਮ ਕੀਤਾ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਜੇਕਰ ਸਦੀਆਂ ਪਹਿਲਾਂ ਕੁਝ ਗ਼ਲਤ ਹੋਇਆ ਸੀ, ਤਾਂ ਤੁਸੀਂ ਅੱਜ ਉਸ ਦਾ ਬਦਲਾ ਨਹੀਂ ਲੈ ਸਕਦੇ।