
ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਸੀ।
ਰਾਏਪੁਰ: ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਹਾਲ ਹੀ ਵਿਚ ਛੱਤੀਸਗੜ੍ਹ ਵਿਚ ਸਾਹਮਣੇ ਆਏ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸੰਘੀ ਜਾਂਚ ਏਜੰਸੀ ਦੁਆਰਾ ਇਸਤਗਾਸਾ ਦੀ ਸ਼ਿਕਾਇਤ ਸ਼ੁਕਰਵਾਰ ਨੂੰ ਰਾਏਪੁਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਵਿਚ ਦਾਇਰ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਈਡੀ ਨੇ ਇਸਤਗਾਸਾ ਦੀ ਸ਼ਿਕਾਇਤ ਵਿਚ ਮਹਾਦੇਵ ਬੁੱਕ ਐਪ ਦੇ ਕਥਿਤ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਸਮੇਤ 14 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਸੀ।
ਚਾਰਜਸ਼ੀਟ ਦਾ ਮੁੱਖ ਹਿੱਸਾ 197 ਪੰਨਿਆਂ ਦਾ ਹੈ, ਜਦਕਿ ਅਨੁਬੰਧ ਵਿਚ ਲਗਭਗ 8,800 ਹੋਰ ਪੰਨਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਇਸ ਮਾਮਲੇ 'ਚ ਕਥਿਤ ਜੁਰਮ ਤੋਂ ਹੋਣ ਵਾਲੀ ਆਮਦਨ ਲਗਭਗ 6,000 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਦਾਲਤ 25 ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਚਾਰਜਸ਼ੀਟ ਦਾ ਨੋਟਿਸ ਲਵੇਗੀ। ਈਡੀ ਨੇ ਪਹਿਲਾਂ ਕਿਹਾ ਸੀ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮਹਾਦੇਵ ਬੁੱਕ ਐਪ ਯੂਏਈ ਦੇ ਕੇਂਦਰੀ ਮੁੱਖ ਦਫ਼ਤਰ ਤੋਂ ਚਲਾਇਆ ਜਾਂਦਾ ਸੀ।