ਕਵਿਤਾ ਤੋਂ ਮਾਰਚ ਵਿਚ ਈਡੀ ਹੈੱਡਕੁਆਰਟਰ ਵਿਚ ਕਈ ਵਾਰ ਪੁਛਗਿਛ ਕੀਤੀ ਜਾ ਚੁਕੀ ਹੈ।
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਬੀਆਰਐਸ ਨੇਤਾ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਉ ਦੀ ਬੇਟੀ ਕੇੇ.ਕਵਿਤਾ ਨੂੰ ਪੁਛਗਿਛ ਲਈ ਸ਼ੁਕਰਵਾਰ (15 ਸਤੰਬਰ) ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਕਵਿਤਾ ਤੋਂ ਮਾਰਚ ਵਿਚ ਈਡੀ ਹੈੱਡਕੁਆਰਟਰ ਵਿਚ ਕਈ ਵਾਰ ਪੁਛਗਿਛ ਕੀਤੀ ਜਾ ਚੁਕੀ ਹੈ।
ਉਨ੍ਹਾਂ ਨੂੰ ਅਪਣੇ ਮੋਬਾਈਲ ਫ਼ੋਨ ਸੰਘੀ ਏਜੰਸੀ ਨੂੰ ਸੌਂਪਣੇ ਪੈਣਗੇ। ਦੋਸ਼ ਹੈ ਕਿ ਸ਼ਰਾਬ ਕਾਰੋਬਾਰੀਆਂ ਨੂੰ ਲਾਇਸੈਂਸ ਦੇਣ ਲਈ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਵਿਚ ਗੰਭੀਰ ਖਾਮੀਆਂ ਸਨ। ਰਾਸ਼ਟਰੀ ਰਾਜਧਾਨੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਸੀ।
ਬਾਅਦ ਵਿਚ ਇਸ ਆਬਕਾਰੀ ਨੀਤੀ ਨੂੰ ਰੱਦ ਕਰ ਦਿਤਾ ਗਿਆ ਅਤੇ ਦਿੱਲੀ ਦੇ ਉਪ ਰਾਜਪਾਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੀ ਸਿਫਾਰਸ਼ ਕੀਤੀ। ਇਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ। ਅਪਣੀ ਜਾਂਚ ਦੌਰਾਨ ਈਡੀ ਨੇ ਕਵਿਤਾ ਨਾਲ ਕਥਿਤ ਤੌਰ ’ਤੇ ਜੁੜੇ ਲੇਖਾਕਾਰ ਬੁਚੀਬਾਬੂ ਦਾ ਬਿਆਨ ਦਰਜ ਕੀਤਾ ਸੀ।
ਬੁਚੀਬਾਬੂ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ “ਕੇ. ਕਵਿਤਾ, ਮੁੱਖ ਮੰਤਰੀ (ਅਰਵਿੰਦ ਕੇਜਰੀਵਾਲ) ਅਤੇ ਉਪ ਮੁੱਖ ਮੰਤਰੀ (ਮਨੀਸ਼ ਸਿਸੋਦੀਆ) ਵਿਚਕਾਰ ਸਿਆਸੀ ਤਾਲਮੇਲ ਸੀ। ਉਸ ਪ੍ਰਕਿਰਿਆ ਵਿਚ ਕਵਿਤਾ ਨੇ 19-20 ਮਾਰਚ 2021 ਨੂੰ ਵਿਜੇ ਨਾਇਰ ਨਾਲ ਵੀ ਮੁਲਾਕਾਤ ਕੀਤੀ ਸੀ। ਕਵਿਤਾ ਨੇ ਲਗਾਤਾਰ ਕਿਹਾ ਹੈ ਕਿ ਉਸ ਨੇ ਕੱੁਝ ਵੀ ਗ਼ਲਤ ਨਹੀਂ ਕੀਤਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ’ਤੇ ‘ਈਡੀ’ ਦੀ ਵਰਤੋਂ ਕਰਨ ਦਾ ਵੀ ਦੋਸ਼ ਲਾਇਆ।