ਅਮਰਿੰਦਰ ਸਿੰਘ ਰਾਜਾ ਵੜਿੰਗ ਨੇ PPCC ਦੇ ਪ੍ਰਧਾਨ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
ਪਾਰਟੀ ਨੂੰ ਮਜ਼ਬੂਤੀ ਦੇਣ ਲਈ ਮੇਰੇ ਕੰਮ ਕਰਨ ਦੇ ਤਿੰਨ 'D-ਮੰਤਰ' ਹੋਣਗੇ - ਅਨੁਸ਼ਾਸਨ, ਸਮਰਪਣ ਅਤੇ ਗੱਲਬਾਤ : ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ।
ਇਸ ਮੌਕੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਕਾਂਗਰਸ ਦੇ ਵੱਡੇ ਆਗੂ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਅਹੁਦਾ ਸੰਭਾਲ ਸਮਾਗਮ ਵਿਚ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ। ਇੰਨਾ ਹੀ ਨਹੀਂ ਉਨ੍ਹਾਂ ਨੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਨੂੰ ਜੱਫੀ ਪਾ ਕੇ ਵਧਾਈ ਦਿਤੀ ਅਤੇ ਉਨ੍ਹਾਂ ਦੀ ਤਰੱਕੀ ਦੀ ਕਾਮਨਾ ਵੀ ਕੀਤੀ। ਦੱਸ ਦੇਈਏ ਕਿ ਸਿੱਧੂ ਸਮਾਗਮ ਵਿਚ ਤਾਂ ਪਹੁੰਚੇ ਪਰ ਉਨ੍ਹਾਂ ਨੇ ਸਟੇਜ ਤੋਂ ਦੂਰੀ ਹੀ ਬਣਾ ਕੇ ਰੱਖੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਮਾਨਦਾਰੀ ਅਤੇ ਚੜ੍ਹਦੀ ਕਲਾ ਨਾਲ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ, ''ਕਾਂਗਰਸ ਪਾਰਟੀ ਇੱਕ ਸੋਚ ਹੈ ਅਤੇ ਸੋਚ ਤੇ ਵਿਚਾਰ ਕਦੇ ਖ਼ਤਮ ਨਹੀਂ ਹੋ ਸਕਦੇ। ਚੁਣੌਤੀਆਂ ਨੂੰ ਪਾਰ ਕਰਨ ਲਈ ਸਾਨੂੰ ਤਿੰਨ D ਦਾ ਪਾਲਣ ਕਰਨਾ ਪਵੇਗਾ- ਡਸਿਪਲਨ, ਡੈਡੀਕੇਸ਼ਨ ਅਤੇ ਡਾਇਲੌਗ। ਪ੍ਰਧਾਨ ਦਾ ਕੰਮ ਮਨਮਰਜ਼ੀ ਕਰਨਾ ਨਹੀਂ ਹੈ ਇਸ ਲਈ ਪਾਰਟੀ ਮਨਮਰਜ਼ੀ ਨਾਲ ਨਹੀਂ ਚੱਲੇਗੀ ਸਗੋਂ ਇਮਾਨਦਾਰੀ ਨਾਲ ਅੱਗੇ ਵਧਾਂਗੇ।''
ਇਸ ਮੌਕੇ ਕਾਂਗਰਸ ਦੇ ਨਵੇਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਹਾਲਤ ਵਿੱਚ ਹੈ, ਉਸ ਵਿੱਚ ਸਾਨੂੰ ਬਹੁਤ ਹੀ ਚੁਣੌਤੀਪੂਰਨ ਜ਼ਿੰਮੇਵਾਰੀ ਮਿਲੀ ਹੈ। ਕਾਂਗਰਸੀ ਵਰਕਰ ਨਿਰਾਸ਼ ਹਨ। ਅਸੀਂ ਇੱਕ ਅਜਿਹੀ ਕਾਂਗਰਸ ਬਣਾਵਾਂਗੇ ਜਿਸ ਵਿੱਚ ਕੋਈ ਨਿੱਜੀ ਬ੍ਰਾਂਡਿੰਗ ਨਹੀਂ ਹੋਵੇਗੀ। ਸਿਰਫ਼ ਕਾਂਗਰਸ ਦਾ ਝੰਡਾ ਹੀ ਹੋਵੇਗਾ। ਇਸ ਵਿੱਚ ਲੀਡਰਸ਼ਿਪ ਹਰ ਵਰਕਰ ਤੱਕ ਪਹੁੰਚ ਕਰੇਗੀ।
ਦੱਸ ਦੇਈਏ ਕਿ ਇਸ ਸਮਾਗਮ ਵਿਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਸ਼ਮਸ਼ੇਰ ਸਿੰਘ ਦੂਲੋ, ਸੁਖਪਾਲ ਸਿੰਘ ਖਹਿਰਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ।