
ਸੁਖਬੀਰ ਸਿੰਘ ਬਾਦਲ ਦੀਆਂ ਅਪੀਲਾਂ ਤੇ ਮੰਗੀਆਂ ਮਾਫ਼ੀਆਂ ਦਾ ਨਹੀਂ ਪਿਆ ਮੁਲ
Punjab Politics: ਕੋਟਕਪੂਰਾ (ਗੁਰਿੰਦਰ ਸਿੰਘ) : ਲੋਕ ਸਭਾ ਚੋਣਾਂ 2024 ਦੇ ਮਹਾਂਸੰਗਰਾਮ ਮੌਕੇ ਪੰਜਾਬ ਤੋਂ ਦਲਬਦਲੀਆਂ ਦੇ ਰਿਕਾਰਡ ਟੁਟਦੇ ਪ੍ਰਤੀਤ ਹੋ ਰਹੇ ਹਨ। ਲਗਭਗ ਸਾਰੀਆਂ ਪਾਰਟੀਆਂ ਵਿਚ ਬਗ਼ਾਵਤ ਦੇ ਭਾਂਬੜ, ਇਤਰਾਜ਼, ਰੋਸੇ, ਅੰਦਰੂਨੀ ਲੜਾਈ ਵਰਗੀਆਂ ਖ਼ਬਰਾਂ ਆਮ ਵੋਟਰ ਨੂੰ ਨਿਰਾਸ਼ ਕਰ ਰਹੀਆਂ ਹਨ। ਜੇਕਰ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਦੂਜੀਆਂ ਪਾਰਟੀਆਂ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇੰਝ ਜਾਪਦਾ ਹੈ ਕਿ ਜਿਵੇਂ ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੁਖੀ ਕੋਲ ਸਿਆਸੀ ਤੌਰ ’ਤੇ ਉਹ ਤਾਕਤ ਨਹੀਂ ਬਚੀ ਜਿਸ ਰਾਹੀਂ ਉਹ ਅਪਣੀ ਪਾਰਟੀ ਦੀ ਬਗ਼ਾਵਤ ਰੋਕ ਸਕਣ ਜਾਂ ਪਾਰਟੀ ਛੱਡਣ ਵਾਲਿਆਂ ਨੂੰ ਘੂਰ ਕੇ ਝਿੜਕ ਸਕਣ।
ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਇਤਰਾਜ਼ ਜਨਤਕ ਹੋਇਆ ਪਰ ਭਾਜਪਾ ਅੰਦਰ ਅੰਦਰੂਨੀ ਲੜਾਈ ਦੇ ਬਾਵਜੂਦ ਕਿਸੇ ਹੋਰ ਹਲਕੇ ਤੋਂ ਪੰਜਾਬ ਵਿਚ ਵਿਵਾਦ ਜਨਤਕ ਨਹੀਂ ਹੋ ਸਕਿਆ। ਆਮ ਆਦਮੀ ਪਾਰਟੀ ਵਿਚ ਵੀ ਕਾਫ਼ੀ ਹੱਦ ਤਕ ਅਨੁਸ਼ਾਸਨ ਕਾਇਮ ਹੈ ਪਰ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਵਲੋਂ ਪਾਰਟੀ ਛੱਡਣ ਮੌਕੇ ਲਗਦਾ ਸੀ ਕਿ ਜਿਵੇਂ ਭਗਵੰਤ ਸਿੰਘ ਮਾਨ ਦਾ ਪ੍ਰਭਾਵ ਪਾਰਟੀ ਆਗੂ ਅਤੇ ਚੁਣੇ ਨੁਮਾਇੰਦੇ ਕਬੂਲ ਨਹੀਂ ਕਰ ਰਹੇ
ਪਰ ਉਸ ਤੋਂ ਬਾਅਦ ਸਾਰੀਆਂ 13 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਹੋਣ ਦੇ ਬਾਵਜੂਦ ਬਗ਼ਾਵਤ ਦੀ ਕੋਈ ਸੁਰ ਦੇਖਣ ਨੂੰ ਨਹੀਂ ਮਿਲੀ, ਭਾਵੇਂ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਵਖਰੀ ਸੁਰ ਦੇ ਸ਼ੋਸ਼ਲ ਮੀਡੀਏ ਉਪਰ ਚਰਚੇ ਹੋ ਰਹੇ ਹਨ। ਪੰਜਾਬ ਵਾਸੀਆਂ ਦੇ ਮੁੱਦੇ ਇਨ੍ਹਾਂ ਚੋਣਾਂ ਵਿਚ ਬਿਲਕੁਲ ਮਨਫ਼ੀ ਕਰ ਦਿਤੇ ਗਏ ਹਨ। ਕੋਈ ਵੀ ਪਾਰਟੀ ਇਸ ਦੋਸ਼ ਤੋਂ ਰਹਿਤ ਨਹੀਂ ਅਰਥਾਤ ਅਛੂਤੀ ਨਹੀਂ ਰਹਿ ਸਕੀ ਕਿ ਉਸ ਨੇ ਦੂਜੀ ਪਾਰਟੀ ਦੇ ਆਗੂ ਨੂੰ ਪੱਟ ਕੇ ਅਪਣੀ ਪਾਰਟੀ ਵਿਚ ਰਲਾਉਣ ਤੋਂ ਬਾਅਦ ਉਸ ਨੂੰ ਟਿਕਟ ਨਾ ਦਿਤੀ ਹੋਵੇ, ਅਰਥਾਤ ਦਲਬਦਲੂਆਂ ’ਤੇ ਟੇਕ ਰੱਖ ਕੇ ਅਪਣੇ ਵਫ਼ਾਦਾਰ ਆਗੂਆਂ ਅਤੇ ਮਿਹਨਤੀ ਵਰਕਰਾਂ ਦਾ ਹੱਕ ਮਾਰਨ ਦੀ ਕਿਸੇ ਵੀ ਪਾਰਟੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਾਰ ਵਾਰ ਮਾਫ਼ੀਆਂ ਮੰਗਣ, ਅਪੀਲਾਂ ਕਰਨ, ਪੰਥ ਦਾ ਵਾਸਤਾ ਪਾਉਣ, ਰੁੱਸਿਆਂ ਨੂੰ ਮਨਾਉਣ ਵਿਚ ਕਾਮਯਾਬ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਲਈ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੀਆਂ ਗੁਰਦਵਾਰਾ ਕਮੇਟੀਆਂ ’ਤੇ ਕਾਬਜ਼ ਹੋਣ ਦੇ ਨਾਲ ਨਾਲ ਰਾਜਸਥਾਨ ਅਤੇ ਯੂ.ਪੀ. ਦੇ ਤਰਾਈ ਇਲਾਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਖੜੇ ਕਰਨ ਦੇ ਦਮਗਜੇ ਮਾਰਨ ਵਾਲੀ ਪਾਰਟੀ ਅਕਾਲੀ ਦਲ ਨੂੰ ਹੁਣ ਅਪਣੇ ਘਰ ਅਰਥਾਤ ਪੰਜਾਬ ਵਿਚ ਵੀ ਹੋਂਦ ਬਚਾਉਣੀ ਮੁਸ਼ਕਲ ਜਾਪ ਰਹੀ ਹੈ।
ਲਗਭਗ 3 ਦਹਾਕਿਆਂ ਬਾਅਦ ਅਕਾਲੀ ਦਲ ਵਲੋਂ ਬਿਨਾ ਕਿਸੇ ਗਠਜੋੜ ਦੇ ਇਕੱਲਿਆਂ ਚੋਣ ਮੈਦਾਨ ਵਿਚ ਉਤਰਨਾ, ਪਾਰਟੀ ਦੀ ਅੰਦਰੂਨੀ ਬਗ਼ਾਵਤ ਨੂੰ ਰੋਕਣਾ, ਢੀਂਡਸਾ ਪ੍ਰਵਾਰ ਨੂੰ ਮਨਾਉਣਾ ਅਤੇ ਬਾਕੀ ਰਹਿੰਦੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰਨਾ ਸੁਖਬੀਰ ਸਿੰਘ ਬਾਦਲ ਲਈ ਕੋਈ ਸੌਖੀ ਗੱਲ ਨਹੀਂ ਜਾਪਦੀ।
ਲੋਕ ਸਭਾ ਹਲਕਾ ਪਟਿਆਲਾ ਦੀ ਭਾਜਪਾ ਅਤੇ ਕਾਂਗਰਸ ਦੀਆਂ ਟਿਕਟਾਂ ਕ੍ਰਮਵਾਰ ਮਹਾਰਾਣੀ ਪ੍ਰਨੀਤ ਕੌਰ ਅਤੇ ਡਾ. ਧਰਮਵੀਰ ਗਾਂਧੀ ਨੂੰ ਮਿਲਣ ਨੂੰ ਲੈ ਕੇ ਦੋਹਾਂ ਪਾਰਟੀਆਂ ਵਿਚ ਘਮਸਾਨ ਮਚਣਾ ਸੁਭਾਵਕ ਸੀ।
ਆਮ ਲੋਕਾਂ ਦੀ ਤਰ੍ਹਾਂ ਮੀਡੀਆ ਵੀ ਇਸ ਤਮਾਸ਼ੇ ਵਿਚ ਬਗਲਗੀਰ ਹੋਇਆ ਪਿਆ ਹੈ ਪਰ ਘੱਗਰ ਵਲੋਂ ਹਰ ਸਾਲ ਮਚਾਈ ਜਾਂਦੀ ਤਬਾਹੀ ਦਾ ਇਸ ਹਲਕੇ ਵਿਚ ਕੋਈ ਆਗੂ ਜਾਂ ਮੀਡੀਏ ਦਾ ਕੋਈ ਹਿੱਸਾ ਜ਼ਿਕਰ ਤਕ ਕਰਨ ਦੀ ਜ਼ਰੂਰਤ ਹੀ ਨਹੀਂ ਸਮਝ ਰਿਹਾ। ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਲਾਨੀ ਗਈ ਟਿਕਟ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਬਾਦਲ ਵਲੋਂ ਬੈਂਸ ਭਰਾਵਾਂ ’ਤੇ ਡੋਰੇ ਪਾਉਣ ਦੀਆਂ ਖ਼ਬਰਾਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਪੜਨ ਸੁਣਨ ਨੂੰ ਮਿਲ ਰਹੀਆਂ ਹਨ ਪਰ ਬੁੱਢੇ ਨਾਲੇ ਦਾ ਜ਼ਿਕਰ ਇਥੋਂ ਵੀ ਮਨਫ਼ੀ ਹੈ।