
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁਕਰਵਾਰ ਨੂੰ ਉਨ੍ਹਾਂ 4 ਪੁਲਿਸ ਕਰਮਚਾਰੀਆਂ...
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁਕਰਵਾਰ ਨੂੰ ਉਨ੍ਹਾਂ 4 ਪੁਲਿਸ ਕਰਮਚਾਰੀਆਂ ਨੂੰ ਮੁਆਫ਼ੀ ਦੇਣ ਦੀ ਸਿਫ਼ਾਰਿਸ਼ ਕਰਨ ਲਈ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਹੈ, ਜਿਨ੍ਹਾਂ ਨੇ 1993 ‘ਚ ਵਾਰੀ ਤੋਂ ਪਹਿਲਾਂ ਤਰੱਕੀਆਂ ਲੈਣ ਲਈ ਇਕ ਨਿਰਦੋਸ਼ ਸਿੱਖ ਹਰਜੀਤ ਸਿੰਘ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਇਸ ਬੇਇਨਸਾਫ਼ੀ ਭਰੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਡਟ ਕੇ ਲੜਾਈ ਲੜੇਗਾ।
Harjeet Singh, 1993
ਪੀੜਿਤ ਪਰਵਾਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਨ੍ਹਾਂ ਕਾਤਲ ਪੁਲਿਸ ਵਾਲਿਆਂ ਨੂੰ ਮੁਆਫ਼ੀ ਦੇ ਕੇ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ‘ਤੇ ਇਕ ਹੋਰ ਜ਼ੁਲਮ ਕੀਤਾ ਹੈ। ਮੈਂ ਪੀੜਿਤ ਪਰਵਾਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਇਨਾਸਫ਼ੀ ਲੈਣ ਲਈ ਲੜੀ 18 ਸਾਲ ਲੰਬੀ ਲੜਾਈ ਬੇਕਾਰ ਨਹੀਂ ਜਾਵੇਗੀ। ਅਕਾਲੀ ਦਲ ਸਿੱਖਾਂ ਵੱਲੋਂ ਇਸ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜੇਗਾ।
Harjeet Singh Home
ਸੁਖਬੀਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਬੇਨਤੀ ਕਰੇਗਾ ਕਿ 4 ਪੁਲਿਸ ਕਰਮਚਾਰੀਆਂ ਨੂੰ ਦਿੱਤੀ ਗੈਰ-ਕਾਨੂੰਨੀ ਮੁਆਫ਼ੀ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਨੂੰ ਉਸ ਹਾਲਾਤ ਦੀ ਜਾਂਚ ਕਰਨ ਦੀ ਵੀ ਬੇਨਤੀ ਕਰੇਗਾ, ਜਿਸ ਤਹਿਤ 4 ਪੁਲਿਸ ਕਰਮਚਾਰੀਆਂ ਨੂੰ ਗੈਰ-ਕਾਨੂੰਨੀ ਮੁਆਫ਼ੀ ਦਿੱਤੀ ਗਈ ਅਤੇ ਸੰਵਿਧਾਨ ਦੇ ਆਰਟੀਕਲ 161 ਤਹਿਤ ਸਰਕਾਰ ਨੂੰ ਮਿਲੀ ਇਸ ਤਾਕਤ ਦੀ ਹੋਈ ਦੁਰਵਰਤੋਂ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਕਹੇਗਾ।
Captain Amrinder Singh
ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜਵਾਬ ਮੰਗਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ 1993 ਵਿਚ ਅਗਵਾ ਕਰਨ ਮਗਰੋਂ ਇਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਵਾਲੇ 4 ਪੁਲਿਸ ਕਰਮਚਾਰੀਆਂ ਨੂੰ ਬਿਨਾ ਕੋਈ ਜਨਤਕ ਵਿਚਾਰ ਚਰਚਾ ਕੀਤਾ ਚੁੱਪ-ਚੁਪੀਤੇ ਮੁਆਫ਼ੀ ਕਿਉਂ ਦਿੱਤੀ ਗਈ ਹੈ?