
ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ
ਗੁਵਾਹਟੀ: ਮਹਾਰਾਸ਼ਟਰ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਸ਼ਿਵ ਸੈਨਾ ਦੇ ਬਾਗੀ ਮੰਤਰੀ ਏਕਨਾਥ ਸ਼ਿੰਦੇ ਦਾ ਬਿਆਨ ਆਇਆ ਹੈ। ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਨਹੀਂ ਛੱਡਣ ਜਾ ਰਹੇ ਹਨ। ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ। ਸ਼ਿਵ ਸੈਨਾ ਦੇ ਮੰਤਰੀ ਏ ਕਨਾਥ ਸ਼ਿੰਦੇ ਦੇ ਨਾਲ ਬਾਗੀ ਵਿਧਾਇਕ ਸੂਰਤ ਤੋਂ ਅਸਮ ਪਹੁੰਚ ਗਏ ਹਨ।
ShivSena Rebel Eknath Shinde Says 46 MLAs With Him, Won't Split
ਗਵਾਹਟੀ ਏਅਰਪੋਰਟ ਤੋਂ ਰਵਾਨਾ ਹੁੰਦੇ ਹੋਏ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਉਹਨਾਂ ਨੇ ਸ਼ਿਵ ਸੈਨਾ ਨਹੀਂ ਛੱਡੀ, ਬਾਲਾ ਸਾਹਿਬ ਦੇ ਹਿੰਦੂਤਵ ਨੂੰ ਅੱਗੇ ਲੈ ਕੇ ਜਾਣਗੇ। ਜਦਕਿ ਇਕ ਵਿਧਾਇਕ ਅਬਦੁਲ ਸੱਤਾਰ ਨੇ ਮਜ਼ਾਕ ਵਿਚ ਕਿਹਾ ਕਿ ਉਹ ਬਰਿਆਨੀ ਖਾਣ ਆਏ ਹਨ। ਏਕਨਾਥ ਸ਼ਿੰਦੇ ਦਾ ਦਾਅਵਾ ਹੈ ਕਿ ਉਹਨਾਂ ਨੂੰ ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਹਾਸਲ ਹੈ ਅਤੇ ਕੁੱਲ 46 ਵਿਧਾਇਕ ਉਹਨਾਂ ਦੇ ਨਾਲ ਹਨ। ਜਦਕਿ ਰਾਜਪਾਲ ਨਾਲ ਮੁਲਾਕਾਤ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਉਹ ਅੱਗੇ ਦੀ ਰਣਨੀਤੀ ਹੈ, ਫਿਲਹਾਲ ਨਹੀਂ ਕਹਿ ਸਕਦੇ। ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਊਧਵ ਠਾਕਰੇ ਕੈਬਨਿਟ ਦੀ ਮੀਟਿੰਗ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ ਮੰਗਲਵਾਰ ਦੇਰ ਸ਼ਾਮ ਸ਼ਿਵ ਸੈਨਾ ਦੇ ਦੋ ਨੇਤਾ ਸੂਰਤ ਵਿਚ ਸ਼ਿੰਦੇ ਨੂੰ ਮਿਲੇ ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਮਿਲਿੰਦ ਨਾਰਵੇਕਰ ਦੇ ਫੋਨ ਤੋਂ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲ ਕੀਤੀ। ਇਹ ਗੱਲਬਾਤ ਕਰੀਬ 10 ਮਿੰਟ ਤੱਕ ਚੱਲੀ। ਇਸ ਦੌਰਾਨ ਸ਼ਿੰਦੇ ਨੇ ਊਧਵ ਦੀ ਪਤਨੀ ਰਸ਼ਮੀ ਠਾਕਰੇ ਨਾਲ ਵੀ ਗੱਲਬਾਤ ਕੀਤੀ।
ShivSena Rebel Eknath Shinde Says 46 MLAs With Him, Won't Split
ਸ਼ਿੰਦੇ ਨੇ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਇਹ ਕਦਮ ਚੁੱਕ ਰਹੇ ਹਨ। ਅਜੇ ਤੱਕ ਉਸ ਨੇ ਕੋਈ ਫੈਸਲਾ ਨਹੀਂ ਲਿਆ ਅਤੇ ਨਾ ਹੀ ਕਿਸੇ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਹਨ। ਸੀਐਮ ਊਧਵ ਠਾਕਰੇ ਨੇ ਸ਼ਿੰਦੇ ਨੂੰ ਇਸ 'ਤੇ ਵਿਚਾਰ ਕਰਕੇ ਵਾਪਸ ਆਉਣ ਲਈ ਕਿਹਾ ਹੈ। ਫਿਲਹਾਲ ਇਸ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਸੂਬੇ ਦੇ ਇਕ ਸੀਨੀਅਰ ਭਾਜਪਾ ਨੇਤਾ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਰਾਜ ਵਿਚ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੀ ਹੈ। ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ 'ਚ ਮੰਤਰੀ ਰਹੇ ਇਕ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਸੱਤਾ ਦਾ ਆਸਾਨ ਤਬਾਦਲਾ ਸਾਡੀ ਤਰਜੀਹ ਹੈ।'
288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿਚ ਸ਼ਿਵ ਸੈਨਾ ਦੇ 55, ਐੱਨਸੀਪੀ 53, ਕਾਂਗਰਸ 44, ਬਹੁਜਨ ਵਿਕਾਸ ਅਗਾੜੀ 3, ਸਮਾਜਵਾਦੀ ਪਾਰਟੀ, ਏਆਈਐੱਮਆਈਐੱਮ ਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੇ 2-2 ਵਿਧਾਇਕ ਹਨ। ਐੱਮਐੱਨਐੱਸ, ਸੀਪੀਆਈ-ਐੱਮ, ਪੀਡਬਲਿਊਪੀ, ਸਵਾਭੀਮਾਨ ਪਕਸ਼ਾ, ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜਿਆ ਸ਼ਕਤੀ ਪਾਰਈ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ਾ ਦਾ ਇਕ ਇਕ ਵਿਧਾਇਕ ਹੈ। ਇਹਨਾਂ ਤੋਂ ਇਲਾਵਾ 13 ਆਜ਼ਾਦ ਵਿਧਾਇਕ ਹਨ। ਵਿਰੋਧੀ ਧਿਰ ਭਾਜਪਾ ਕੋਲ 106 ਵਿਧਾਇਕ ਹਨ।