
ਸੰਜੇ ਗਾਂਧੀ ਹਸਪਤਾਲ ਦਾ ਲਾਇਸੈਂਸ ਮੁਅੱਤਲ ਕਰਨਾ ਬੇਇਨਸਾਫ਼ੀ ਹੈ: ਵਰੁਣ ਗਾਂਧੀ
ਲਖਨਊ: ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਲਾਜ ’ਚ ਕਥਿਤ ਲਾਪਰਵਾਹੀ ਕਾਰਨ ਇਕ ਔਰਤ ਦੀ ਮੌਤ ਤੋਂ ਬਾਅਦ ਸੰਜੇ ਗਾਂਧੀ ਹਸਪਤਾਲ ਦਾ ਲਾਇਸੈਂਸ ਮੁਅੱਤਲ ਕਰਨ ਨੂੰ ਲੈ ਕੇ ਸ਼ੁਕਰਵਾਰ ਨੂੰ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਅਤੇ ਹਸਪਤਾਲ ਦੇ ਲਾਇਸੈਂਸ ਨੂੰ ਮੁਅੱਤਲ ਕਰਨ ਨੂੰ ਬੇਇਨਸਾਫੀ ਵਾਲੀ ਕਾਰਵਾਈ ਕਰਾਰ ਦਿਤਾ।
ਅਮੇਠੀ ਜ਼ਿਲ੍ਹੇ ਦੇ ਮੁਨਸ਼ੀਗੰਜ ਥਾਣਾ ਖੇਤਰ ’ਚ ਇਲਾਜ ’ਚ ਕਥਿਤ ਲਾਪਰਵਾਹੀ ਕਾਰਨ ਇਕ ਔਰਤ ਦੀ ਮੌਤ ਦੇ ਮਾਮਲੇ ’ਚ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਜੇ ਗਾਂਧੀ ਹਸਪਤਾਲ ਦਾ ਲਾਇਸੈਂਸ ਮੁਅੱਤਲ ਕਰ ਦਿਤਾ ਅਤੇ ਓ.ਪੀ.ਡੀ. (ਆਊਟਪੇਸ਼ੈਂਟ ਵਿਭਾਗ), ਐਮਰਜੈਂਸੀ ਸਮੇਤ ਸਾਰੀਆਂ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ।
ਵਰੁਣ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੂੰ ਅਪਣੀ ਚਿੱਠੀ ਸਾਂਝੀ ਕਰਦੇ ਹੋਏ ਮੁਅੱਤਲੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਚਿੱਠੀ ’ਚ ਲਿਖਿਆ, ‘‘ਕਥਿਤ ਡਾਕਟਰੀ ਲਾਪਰਵਾਹੀ ਨਾਲ ਜੁੜੀ ਤਾਜ਼ਾ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਾਮਲੇ ਨੂੰ ਆਕਾਰ ਅਤੇ ਨਿਰਪੱਖਤਾ ਦੀ ਭਾਵਨਾ ਨਾਲ ਵੇਖਣਾ ਜ਼ਰੂਰੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਮਲਕੀਅਤ ਵਰਗੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਨਾਲ ਕਿਸੇ ਵੀ ਸਿਹਤ ਕੇਂਦਰ ’ਚ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ। ਇਕ ਵਿਆਪਕ ਅਤੇ ਨਿਰਪੱਖ ਜਾਂਚ ਦੀ ਇਜਾਜ਼ਤ ਦਿਤੇ ਬਗ਼ੈਰ ਪੂਰੇ ਹਸਪਤਾਲ ਦੇ ਲਾਇਸੈਂਸ ਨੂੰ ਮੁਅੱਤਲ ਕਰਨਾ ਜਲਦਬਾਜ਼ੀ ਅਤੇ ਸੰਭਾਵੀ ਤੌਰ ’ਤੇ ਬੇਇਨਸਾਫ਼ੀ ਵਾਲੀ ਕਾਰਵਾਈ ਜਾਪਦੀ ਹੈ।’’
ਇਸ ਹਸਪਤਾਲ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1982 ’ਚ ਰਖਿਆ ਸੀ। ਵਰੁਣ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋਤੇ ਅਤੇ ਸੰਜੇ ਗਾਂਧੀ ਦੇ ਪੁੱਤਰ ਹਨ। ਮਰਹੂਮ ਸੰਜੇ ਗਾਂਧੀ ਅਮੇਠੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਸੰਜੇ ਗਾਂਧੀ ਹਸਪਤਾਲ ਸੰਜੇ ਗਾਂਧੀ ਮੈਮੋਰੀਅਲ ਟਰੱਸਟ, ਦਿੱਲੀ ਵਲੋਂ ਚਲਾਇਆ ਜਾਂਦਾ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਇਸ ਟਰੱਸਟ ਦੀ ਚੇਅਰਪਰਸਨ ਹਨ, ਜਦਕਿ ਪਾਰਟੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਸ ਦੇ ਮੈਂਬਰ ਹਨ।
ਵਰੁਣ ਗਾਂਧੀ ਦੀ ਚਿੱਠੀ ਬਾਰੇ ਪੁੱਛੇ ਜਾਣ ’ਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਕਿਹਾ, ‘‘ਇਹ ਕਾਰਵਾਈ ਸੀ.ਐਮ.ਓ. ਪੱਧਰ ’ਤੇ ਜਾਂਚ ਕਰਨ ਤੋਂ ਬਾਅਦ ਕੀਤੀ ਗਈ ਹੈ। ਹਸਪਤਾਲ ਦੇ ਲੋਕਾਂ ਵਿਰੁਧ ਧਾਰਾ 304 ਹੇਠ ਮਾਮਲਾ ਦਰਜ ਕਰ ਕੇ ਮਾਹਿਰ ਡਾਕਟਰ ਤੋਂ ਬਿਨਾਂ ਇਲਾਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।’’ ਉਨ੍ਹਾਂ ਇਸ ਮਾਮਲੇ ਨੂੰ ਸਿਆਸੀ ਅਤੇ ਪੱਖਪਾਤੀ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਸਾਰੇ ਹਸਪਤਾਲ ਜਿਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਜਾਂ ਲਾਪਰਵਾਹੀ ਨਾਲ ਮਰੀਜ਼ ਨੂੰ ਮੌਤ ਦੇ ਮੂੰਹ ਵਿਚ ਧੱਕ ਦਿਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੂਰੇ ਸੂਬੇ ’ਚ ਲਗਾਤਾਰ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਸ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਨੁਮਾਇੰਦੇ ਕਿਸ਼ੋਰੀ ਲਾਲ ਸ਼ਰਮਾ ਨੇ ਮੰਗਲਵਾਰ ਨੂੰ ਅਮੇਠੀ ਪਹੁੰਚ ਕੇ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਮਾਮਲੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।
ਪਿੰਡ ਵਾਸੀਆਂ ਮੁਤਾਬਕ ਮੁਨਸ਼ੀਗੰਜ ਕੋਤਵਾਲੀ ਥਾਣਾ ਖੇਤਰ ਦੇ ਰਾਮ ਸ਼ਾਹਪੁਰ ਪਿੰਡ ਦੀ ਰਹਿਣ ਵਾਲੀ ਦਿਵਿਆ ਪੇਟ ’ਚ ਦਰਦ ਦੀ ਸ਼ਿਕਾਇਤ ਕਰ ਰਹੀ ਸੀ, ਜਿਸ ਕਾਰਨ ਪਰਿਵਾਰ ਵਾਲੇ ਉਸ ਨੂੰ ਸੰਜੇ ਗਾਂਧੀ ਹਸਪਤਾਲ ਲੈ ਗਏ। ਪਿੰਡ ਵਾਸੀਆਂ ਨੇ ਦਸਿਆ ਕਿ ਹਸਪਤਾਲ ਦੇ ਡਾਕਟਰਾਂ ਅਨੁਸਾਰ ਦਿਵਿਆ ਦੇ ਪਿੱਤੇ ’ਚ ਪੱਥਰੀ ਸੀ ਅਤੇ 14 ਸਤੰਬਰ ਨੂੰ ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਆਪਰੇਸ਼ਨ ਥੀਏਟਰ ’ਚ ਲਿਜਾਇਆ ਗਿਆ। ਪਿੰਡ ਵਾਸੀਆਂ ਮੁਤਾਬਕ ਦਿਵਿਆ ਅਪਰੇਸ਼ਨ ਤੋਂ ਪਹਿਲਾਂ ਹੀ ਕੋਮਾ ’ਚ ਚਲੀ ਗਈ ਸੀ ਅਤੇ ਜਦੋਂ 30 ਘੰਟੇ ਤਕ ਹੋਸ਼ ਨਹੀਂ ਆਈ ਤਾਂ ਉਸ ਨੂੰ ਲਖਨਊ ਰੈਫਰ ਕਰ ਦਿਤਾ ਗਿਆ। ਦਿਵਿਆ ਦੇ ਪਤੀ ਅਨੁਜ ਸ਼ੁਕਲਾ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੂੰ ਐਨੇਸਥੀਸੀਆ ਦੀ ਓਵਰਡੋਜ਼ ਦਿਤੀ ਗਈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਅਤੇ ਆਖਰਕਾਰ ਉਸ ਦੀ ਮੌਤ ਹੋ ਗਈ।