
ਪਾਰਟੀ ਆਪਣੇ ਪੱਧਰ `ਤੇ ਨਿਗਮ ਚੋਣਾਂ ਨਹੀ ਲੜੇਗੀ, ਅਕਾਲੀ ਦਲ (ਡੈਮੋਕਰੇਟਿਕ) ਨੇ ਚੰਗੇ ਅਕਸ ਵਾਲੇ ਉਮੀਦਵਾਰਾਂ ਦੀ ਹਮਾਇਤ ਵਰਕਰਾਂ `ਤੇ ਛੱਡੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵੱਲੋਂ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਕਿਸਾਨ ਅੰਦੋਲਨ ਨੂੰ ਬਜ਼ੁਰਗਾਂ ਅਤੇ ਨੌਜਵਾਨਾਂ ਅਤੇ ਬੀਬੀਆਂ ਦੇ ਆਪਸੀ ਤਾਲਮੇਲ ਨਾਲ ਚਲਾਉਣ ਵਾਲੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੀ ਸ਼ਲਾਘਾ ਕਰਦਿਆਂ ਪਾਰਟੀ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਜਥੇਬੰਦੀਆਂ ਦਾ ਆਪਸੀ ਤਾਲਮੇਲ ਬਹੁਤ ਹੀ ਬਿਹਤਰ ਹੈ। ਜਿਸ ਕਾਰਨ ਹੁਣ ਤਕ ਕਿਸਾਨ ਅੰਦੋਲਨ ਸਿਖਰ `ਤੇ ਪਹੁੰਚ ਗਿਆ ਹੈ।
Shiromani Akali Dal Democratic Meeting
ਆਗੂਆਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਜਾਬਤੇ ਵਿੱਚ ਰਿਹਾ ਹੈ ਜਦਕਿ ਜਾਬਤੇ ਦੀ ਉਲੰਘਣਾ ਸਰਕਾਰ ਵੱਲੋਂ ਹੀ ਕੀਤੀ ਗਈ। ਪਾਰਟੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਆਉਣ ਵਾਲੀ 26 ਜਨਵਰੀ ਦੇ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਵਧ- ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਤੇ ਕਿਸਾਨਾਂ ਜਥੇਬੰਦੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਕਿਹਾ ਹੈ। ਮੀਟਿੰਗ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ `ਤੇ ਵੀ ਚਰਚਾ ਕੀਤੀ ਗਈ।
Farmer Protest
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਨਿਗਮ ਚੋਣਾਂ ਦਾ ਐਲਾਨ ਕਰਵਾਉਣ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨ ਅੰਦੋਲਨ ਦੌਰਾਨ ਚੋਣਾਂ ਨਹੀ ਕਰਵਾਉਣੀਆਂ ਚਾਹੀਦੀਆਂ ਹਨ, ਪਰ ਕੈਪਟਨ ਅਮਰਿੰਦਰ ਸਿੰਘ ਉਪਰੋਂ- ਉਪਰੋ ਕਿਸਾਨਾਂ ਦੀ ਹਮਾਇਤ ਦਾ ਵਿਖਾਵਾ ਕਰਦੇ ਹਨ ਅਤੇ ਚੋਣਾਂ ਕਰਵਾਉਣ ਵਾਲੀ ਕਾਰਵਾਈ ਪੂਰੀ ਤਰਾਂ ਕਿਸਾਨ ਵਿਰੋਧੀ ਹੈ।
Captain Amrinder Singh
ਉਨ੍ਹਾਂ ਕਿਹਾ ਕਿ ਜਦੋਂ ਇਸ ਸਮੇਂ ਪੰਜਾਬ ਦਾ ਬੱਚਾ- ਬੱਚਾ ਕਿਸਾਨ ਅੰਦੋਲਨ ਵਿਚ ਹੈ ਅਤੇ ਸਭਦਾ ਧਿਆਨ ਉਸ ਪਾਸੇ ਹੈ ਤਾਂ ਫ਼ਿਰ ਚੋਣਾਂ ਕਰਵਾ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਵੰਡਣਾ ਕੈਪਟਨ ਸਰਕਾਰ ਦਾ ਸਾਜਿਸ਼ੀ ਵਤੀਰਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨਿਗਮ ਚੋਣਾਂ ਵਿਚ ਅਕਾਲੀ ਦਲ (ਬਾਦਲ), ਕਾਂਗਰਸ, ਅਤੇ ਭਾਜਪਾ ਨੂੰ ਛੱਡ ਕੇ ਜੋ ਵੀ ਚੰਗੇ ਅਕਸ ਵਾਲੇ ਉਮੀਦਵਾਰ ਹੋੋਣ ਉਨ੍ਹਾਂ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਪੱਧਰ `ਤੇ ਨਿਗਮ ਚੋਣਾਂ ਨਹੀ ਲੜੇਗੀ।