
ਆਰਡੀਨੈਂਸ ਦਾ ਵਿਰੋਧ ਜਾਂ ਹਮਾਇਤ ਸੰਸਦ ਅੰਦਰ ਕੀਤਾ ਜਾਂਦਾ ਹੈ, ਬਾਹਰ ਨਹੀਂ : ਕਾਂਗਰਸ ਪ੍ਰਧਾਨ ਖੜਗੇ
ਪਟਨਾ: ਵਿਰੋਧੀ ਧਿਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬੈਠਕ ਪਟਨਾ ’ਚ ਸ਼ੁਰੂ ਹੋ ਗਈ ਹੈ। ਇਸ ਬੈਠਕ ’ਚ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਖ਼ਤ ਚੁਨੌਤੀ ਦੇਣ ਦੇ ਮਕਸਦ ਨਾਲ ਇਕ ਮਜ਼ਬੂਤ ਮੋਰਚਾ ਬਣਾਉਣ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਇਸ ਬੈਠਕ ਦੀ ਮੇਜ਼ਬਾਨੀ ਕਰ ਰਹੇ ਹਨ। ਇਹ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ ‘1 ਅਣੇ ਮਾਰਗ’ ’ਤੇ ਹੋ ਰਹੀ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇ਼ ਯਾਦਵ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਅਤੇ ਵਿਰੋਧੀ ਧਿਰ ਦੇ ਕਈ ਹੋਰ ਆਗੂ ਇਸ ਬੈਠਕ ’ਚ ਹਿੱਸਾ ਲੈ ਰਹੇ ਹਨ।
ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਭਾਜਪਾ ਨੂੰ ਹਰਾਉਣ ਜਾ ਰਹੀਆਂ ਹਨ। ਖੜਗੇ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਲੜਨਗੀਆਂ। ਬੈਠਕ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਵਿਰੋਧੀ ਨੇਤਾ ਭਾਜਪਾ ਅਤੇ ਰਾਸ਼ਟਰੀ ਜਨਤਾਂਤਰਿਕ ਗਠਬੰਧ (ਐੱਨ.ਡੀ.ਏ.) ਵਿਰੁਧ ਇਕ ਪਰਿਵਾਰ ਦੀ ਤਰ੍ਹਾਂ ਇਕਜੁਟ ਹੋ ਕੇ ਲੜਨਗੇ।
ਵਿਰੋਧੀ ਧਿਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਸਲਾਹ-ਮਸ਼ਵਰੇ ਦੌਰਾਨ ਲੀਡਰਸ਼ਿਪ ਸਬੰਧੀ ਸਵਾਲਾਂ ਨੂੰ ਛੱਡ ਕੇ ਇਕੱਠੇ ਲੜਨ ਦੀ ਰਣਨੀਤੀ ’ਤੇ ਧਿਆਨ ਦਿਤਾ ਜਾਵੇਗਾ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਇਸ ਸਟੈਂਡ ਨਾਲ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ ਮਤਭੇਦਾਂ ਦਾ ਪਰਛਾਵਾਂ ਪੈ ਗਿਆ ਜੇਕਰ ਕਾਂਗਰਸ ਨੇ ਦਿੱਲੀ ਵਿਚ ਪ੍ਰਸ਼ਾਸਨਿਕ ਸੇਵਾਵਾਂ ਨੂੰ ਕੰਟਰੋਲ ਕਰਨ ਸਬੰਧੀ ਕੇਂਦਰ ਸਰਕਾਰ ਦੇ ਆਰਡੀਨੈਂਸ ਵਿਰੁਧ ਸਮਰਥਨ ਦੇਣ ਦਾ ਵਾਅਦਾ ਨਾ ਕੀਤਾ ਤਾਂ ‘ਆਪ’ ਮੀਟਿੰਗ ਤੋਂ ਬਾਹਰ ਹੋ ਜਾਵੇਗੀ।
ਇਹ ਵੀ ਪੜ੍ਹੋ: ਹਰਿਆਣਾ 'ਚ ਟੋਪੀਦਾਰ ਬੰਦੂਕ ਰੱਖਣ 'ਤੇ ਪਾਬੰਦੀ, ਲਾਈਸੈਂਸ ਹੋਣਗੇ ਰੱਦ ਤੇ ਜ਼ਬਤ ਕੀਤੀਆਂ ਜਾਣਗੀਆਂ ਬੰਦੂਕਾਂ
ਰਾਸ਼ਟਰੀ ਰਾਜਧਾਨੀ 'ਚ ਪ੍ਰਸ਼ਾਸਨਿਕ ਸੇਵਾਵਾਂ ਨੂੰ ਕੰਟਰੋਲ ਮੁਕਤ ਕਰਨ 'ਤੇ ਕੇਂਦਰ ਦੇ ਆਰਡੀਨੈਂਸ 'ਤੇ ਚਰਚਾ ਲਈ ਕੇਜਰੀਵਾਲ ਦੇ ਦਬਾਅ 'ਤੇ ਡੂੰਘਾਈ ਨਾਲ ਨਜ਼ਰ ਰੱਖੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਇਸ 'ਤੇ ਕੀ ਪ੍ਰਤੀਕਿਰਿਆ ਦਿੰਦੀ ਹੈ। ਕਾਂਗਰਸ ਨੇ ਅਜੇ ਤੱਕ ਆਪਣਾ ਪੱਤਾ ਨਹੀਂ ਖੋਲ੍ਹਿਆ ਹੈ ਕਿ ਜੇਕਰ ਕੇਂਦਰ ਸਰਕਾਰ ਇਸ ਆਰਡੀਨੈਂਸ ਨੂੰ ਸੰਸਦ ਵਿੱਚ ਪੇਸ਼ ਕਰਦੀ ਹੈ ਤਾਂ ਉਹ 'ਆਪ' ਦਾ ਸਮਰਥਨ ਕਰੇਗੀ ਜਾਂ ਨਹੀਂ। ਹਲਾਂਕਿ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਇਸ ਆਰਡੀਨੈਂਸ ਬਾਰੇ ਫੈਸਲਾ ਸੰਸਦ ਦੇ ਆਗਾਮੀ ਮਾਨਸੂਨ ਸੈਸ਼ਨ ਤੋਂ ਪਹਿਲਾਂ ਲਿਆ ਜਾਵੇਗਾ। ਉਨ੍ਹਾਂ ਕਿਹਾ, ‘‘ਸ਼ਾਇਦ ਕੇਜਰੀਵਾਲ ਜੀ ਨੂੰ ਪਤਾ ਹੋਵੇਗਾ ਕਿ ਆਰਡੀਨੈਂਸ ਦਾ ਵਿਰੋਧ ਜਾਂ ਹਮਾਇਤ ਸੰਸਦ ਅੰਦਰ ਕੀਤਾ ਜਾਂਦਾ ਹੈ, ਬਾਹਰ ਨਹੀਂ।’’
ਵਿਰੋਧੀ ਪਾਰਟੀਆਂ ਦੀ ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਇਨ੍ਹਾਂ ਦੇ ਆਪਸੀ ਮਤਭੇਦ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਪੱਛਮੀ ਬੰਗਾਲ ਵਿਚ ਕਥਿਤ ਤੌਰ ’ਤੇ ਕਾਂਗਰਸੀ ਵਰਕਰਾਂ ’ਤੇ ਹਮਲਾ ਕਰਨ ਵਾਲੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਬਲਾਕ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹਨ। ਭਾਜਪਾ ਮਤਭੇਦਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧ ਰਹੀ ਹੈ ਅਤੇ ਵਾਰ-ਵਾਰ ਇਹ ਸਵਾਲ ਉਠਾ ਰਹੀ ਹੈ ਕਿ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਵੇਗਾ।
ਭਾਜਪਾ ਦੀ ਆਲੋਚਨਾ 'ਤੇ ਪਲਟਵਾਰ ਕਰਦੇ ਹੋਏ ਕਾਂਗਰਸ ਦੀ ਬਿਹਾਰ ਇਕਾਈ ਦੇ ਮੁਖੀ ਅਖਿਲੇਸ਼ ਪ੍ਰਸਾਦ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਸਵਾਲ ਮਹੱਤਵਪੂਰਨ ਨਹੀਂ ਹੈ ਕਿਉਂਕਿ 2024 ਦੀਆਂ ਆਮ ਚੋਣਾਂ 'ਚ ਭਾਜਪਾ ਨੂੰ ਹਰਾਉਣ ਤੋਂ ਬਾਅਦ ਲੀਡਰਸ਼ਿਪ ਦਾ ਸਵਾਲ ਉਠਾਇਆ ਜਾਵੇਗਾ। ਮਿਲ ਕੇ ਹੱਲ ਕੀਤਾ ਜਾ ਸਕਦਾ ਹੈ।