
ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਹੋ ਰਹੀਆਂ ਮੌਤਾਂ ਨੂੰ ਲੈ ਕੇ 'ਆਪ' ਨੇ ਕੈਪਟਨ ਸਰਕਾਰ ਨੂੰ ਲਗਾਈ ਫਟਕਾਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਹੋਰ ਤਿੰਨ ਮੌਤਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਫਟਕਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿਚੋਂ ਨਸ਼ੇ ਅਤੇ ਨਸ਼ੇ ਦੇ ਤਸਕਰਾਂ ਨਾਲ ਨਿਪਟਣ ਲਈ ਸਿਆਸੀ ਮੁਲਾਜਹੇਦਾਰੀਆਂ ਦੀ ਝੇਪ ਛੱਡ ਕੇ ਸਖ਼ਤ ਅਤੇ ਫ਼ੈਸਲਾਕੁਨ ਇੱਛਾ ਸ਼ਕਤੀ ਦਿਖਾਉਣੀ ਪਵੇਗੀ, ਕਿਉਂਕਿ ਨਸ਼ੇ ਦੇ ਤਸਕਰ ਸਿਆਸੀ ਸਰਪ੍ਰਸਤੀ ਅਤੇ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਕਾਲਾ ਧੰਦਾ ਨਹੀਂ ਕਰ ਸਕਦੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ੀਰਾ ਦੇ ਪਿੰਡ ਮੋਹਰ ਸਿੰਘ ਵਾਲਾ ਦੇ 20 ਸਾਲਾ ਨੌਜਵਾਨ ਰਮਨ ਸਿੰਘ, ਬਠਿੰਡਾ ਦੇ ਪਿੰਡ ਸਲਾਬਤਪੁਰਾ ਦੇ ਜਗਦੀਪ ਸਿੰਘ (30) ਅਤੇ ਮੋਗਾ ਦੇ ਪਿੰਡ ਡਾਲਾ ਦੇ 31 ਸਾਲਾ ਨੌਜਵਾਨ ਅਮਰਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਾਜ ਉਧੇੜ ਦਿਤੇ ਹਨ। ਚੀਮਾ ਨੇ ਕਿਹਾ ਕਿ ਇਹ ਲਗਾਤਾਰ ਮਰ ਰਹੀ ਜਵਾਨੀ ਦੇ ਦੁਖਾਂਤ ਦੀ ਦਾਸਤਾਂ ਹੈ।
ਅਜੇ ਇਕ ਹਫ਼ਤਾ ਪਹਿਲਾਂ ਸੰਗਰੂਰ ਦੇ ਖਨੌਰੀ ਕਸਬੇ ਦੇ ਗ਼ਰੀਬ ਦਿਹਾੜੀਦਾਰ ਗੁਰਦੀਪ ਸਿੰਘ ਨੇ ਚਿੱਟੇ ਦੀ ਓਵਰਡੋਜ਼ ਨਾਲ ਆਪਣਾ ਦੂਸਰਾ 17 ਸਾਲ ਦਾ ਪੁੱਤਰ ਸਦਾ ਲਈ ਖੋਹ ਦਿਤਾ, ਜਦਕਿ ਇੱਕ ਸਾਲ ਪਹਿਲਾਂ ਉਸ ਨੇ ਆਪਣਾ 21 ਸਾਲ ਦਾ ਵੱਡਾ ਪੁੱਤਰ ਖੋਹਿਆ ਸੀ। ਚੀਮਾ ਨੇ ਕਿਹਾ ਕਿ ਨਸ਼ੇ ਦੀ ਬੇਰੋਕ-ਟੋਕ ਤਸਕਰੀ ਅਤੇ ਹੋਮ ਡਿਲਿਵਰੀ ਨੂੰ ਜਦੋਂ ਤੱਕ ਕੁਚਲਿਆ ਨਹੀਂ ਜਾਂਦਾ ਉਦੋਂ ਤੱਕ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਸੰਭਵ ਨਹੀਂ। ਚੀਮਾ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ਾ ਤਸਕਰਾਂ ਦਾ ਕਹਿਰ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਿਹਾ।
ਤਾਜ਼ਾ ਰਿਪੋਰਟਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਵੀ ਪੋਲ ਖੋਲ੍ਹੀ ਹੈ। ਜਿੱਥੇ ਨਸ਼ਾ ਤਸਕਰਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। 2016 ਤੋਂ 18 ਤੱਕ ਸਿਰਫ਼ ਰੋਹਤਕ ਵਿਚ ਹੀ 10 ਤੋਂ 19 ਸਾਲ ਦੇ 268 ਬੱਚੇ ਇਲਾਜ ਲਈ ਰਜਿਸਟਰਡ ਹੋਏ ਜਦਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 178 ਓਟ (ਆਊਟਡੋਰ ਐਪੀਅਡ ਅਸਿਸਟੈਂਟ ਟਰੀਟਮੈਂਟ) ਕਲੀਨਿਕਾਂ ਵਿਚ ਹਾਲ ਹੀ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਨਵੇਂ ਨਸ਼ੇ ਦੇ ਮਰੀਜ਼ ਰਜਿਸਟਰਡ ਹੋਏ ਹਨ।