
ਕਿਹਾ, ਕਾਂਗਰਸ ਪਾਰਟੀ ‘ਜੰਗਾਲੇ ਲੋਹੇ’ ਵਾਂਗ ਹੈ ਜਿਸ ਨੇ ਭ੍ਰਿਸ਼ਟਾਚਾਰ, ਗ਼ਰੀਬੀ ਅਤੇ ਪਤਿਆਉਣ ਦੀ ਸਿਆਸਤ ਨੂੰ ਹੱਲਾਸ਼ੇਰੀ ਦਿਤੀ
ਭੋਪਾਲ: ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਰਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਕਾਂਗਰਸ ਨੇ ਮਜਬੂਰੀ ’ਚ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਸੀ ਅਤੇ ਜੇਕਰ ਮੌਕਾ ਮਿਲਿਆ ਤਾਂ ਕਾਂਗਰਸ ਇਸ ਬਿਲ ਤੋਂ ਪਿੱਛੇ ਹਟ ਜਾਵੇਗੀ। ਉਨ੍ਹਾਂ ਪਾਰਟੀ ਦੀ ਤੁਲਨਾ ‘ਜੰਗਾਲੇ ਲੋਹੇ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜੇਕਰ ਮੁੜ ਮੌਕਾ ਮਿਲਿਆ ਤਾਂ ਉਹ ਮੱਧ ਪ੍ਰਦੇਸ਼ ਨੂੰ ਬੀਮਾਰੂ ਸੂਬੇ ਦੀ ਸ਼੍ਰੇਣੀ ’ਚ ਧੱਕ ਦੇਵੇਗੀ।
ਭਾਜਪਾ ਕਾਰਕੁਨਾਂ ਦੀ ਇਕ ਵਿਸ਼ਾਲ ਰੈਲੀ ‘ਕਾਰਜਕਰਤਾ ਮੁਹਾਕੁੰਭ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਘਮੰਡੀਆ ਗਠਜੋੜ’ ’ਚ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ‘ਖੱਟੇ ਮਨ’ ਅਤੇ ਮਜਬੂਰੀ ਨਾਲ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਕਿਉਂਕਿ ਹੁਣ ਉਨ੍ਹਾਂ ਨੂੰ ਔਰਤਾਂ ਦੀ ਤਾਕਤ ਸਮਝ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਕਾਂਗਰਸ ਇਸ ਬਿਲ ਤੋਂ ਪਿੱਛੇ ਹਟ ਜਾਵੇਗੀ ਜਿਸ ’ਚ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦੇਣ ਦਾ ਪ੍ਰਬੰਧ ਹੈ।
ਜਨ ਸੰਘ ਦੇ ਸਹਿ-ਸੰਸਥਾਪਕ ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ’ਤੇ ਸੂਬੇ ’ਚ ਭਾਜਪਾ ਵਲੋਂ ਕਰਵਾਈ ‘ਜਨ ਆਸ਼ੀਰਵਾਦ ਯਾਤਰਾ’ ਦੀ ਰਸਮੀ ਸਮਾਪਤੀ ਮੌਕੇ ‘ਕਾਰਜਕਰਤਾ ਮਹਾਕੁੰਭ’ ਕੀਤਾ ਗਿਆ। ਇਹ ਯਾਤਰਾਵਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਮਜਬੂਰੀ ’ਚ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਅਤੇ ਬਿਲ ਸਿਰਫ ਇਸ ਲਈ ਪਾਸ ਕੀਤਾ ਗਿਆ ਕਿਉਂਕਿ ‘‘ਮੋਦੀ ਹੈ, ਤਾਂ ਮੁਮਕਿਨ ਹੈ। ਮੋਦੀ ਦਾ ਮਤਲਬ ਹੈ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ।’’
ਉਨ੍ਹਾਂ ਨੇ ਸੱਤਾ ’ਚ ਹੁੰਦਿਆਂ ਇਸ ਬਿਲ ਨੂੰ ਪਾਸ ਨਾ ਕਰਨ ਲਈ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ।
ਮੋਦੀ ਨੇ ਕਿਹਾ, ‘‘ਕਾਂਗਰਸ ਇਕ ਵੰਸ਼ਵਾਦੀ ਪਾਰਟੀ ਹੈ ਜਿਸ ਦਾ ਇਤਿਹਾਸ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਅਤੇ ਵੋਟ ਬੈਂਕ ਨੂੰ ਪਤਿਆਉਣ ਦਾ ਹੈ। ਕਾਂਗਰਸ ਨੂੰ ਬਚੇ ਹੋਏ ਭਵਿੱਖ ਦਾ ਕੋਈ ਅੰਦਾਜ਼ਾ ਨਹੀਂ ਹੈ। ਕਾਂਗਰਸ ਇਕ ਜੰਗਾਲਿਆ ਲੋਹਾ ਹੈ ਜੋ ਮੀਂਹ ’ਚ ਪਿਆ-ਪਿਆ ਖ਼ਤਮ ਹੋ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ’ਚ ਨਾ ਤਾਂ ਦੇਸ਼ ਨੂੰ ਵੇਖਣ ਦੀ ਸਮਰੱਥਾ ਹੈ ਅਤੇ ਨਾ ਹੀ ਸਮਝਣ ਦੀ ਸਮਰੱਥਾ ਹੈ, ਇਸ ਲਈ ਤੁਸੀਂ ਵੇਖੋਗੇ ਕਿ ਕਾਂਗਰਸ ਵਿਕਸਤ ਭਾਰਤ ਨਾਲ ਜੁੜੇ ਹਰ ਪ੍ਰਾਜੈਕਟ ਦੀ ਆਲੋਚਨਾ ਕਰਦੀ ਹੈ।
ਉਮਾ ਭਾਰਤੀ ਨੇ ਔਰਤਾਂ ਲਈ ਰਾਖਵੇਂਕਰਨ ਬਿਲ ’ਚ ਓ.ਬੀ.ਸੀ. ਕੋਟੇ ਦੀ ਮੰਗ ਚੁੱਕੀ
ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੋਪਾਲ ਆਉਣ ਤੋਂ ਪਹਿਲਾਂ ਸੀਨੀਅਰ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਉਮਾ ਭਾਰਤੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਪਿੱਛੇ ਜਿਹੇ ਪਾਸ ਔਰਤਾਂ ਦੇ ਰਾਖਵਾਂਕਰਨ ਬਿਲ ’ਚ ਹੋਰ ਪਿਛੜੇ ਵਰਗ (ਓ.ਬੀ.ਸੀ.) ਲਈ ਕੋਟਾ ਤੈਅ ਕਰਨ ਬਾਰੇ ਸਾਕਾਰਾਤਮਕ ਸੰਕੇਤ ਦੇਣਗੇ।
ਪਿਛਲੇ ਹਫ਼ਤੇ ਦੀ ਸ਼ੁਰੂਆਤ ’ਚ ਭਾਰਤੀ ਨੇ ਲੋਕ ਸਭਾ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦੇਣ ਵਾਲੇ ਸੰਵਿਧਾਨਕ ਸੋਧ ਬਿਲ ’ਚ ਓ.ਬੀ.ਸੀ. (ਹੋਰ ਪਿਛੜੇ ਵਰਗ) ਕੋਟਾ ਸ਼ਾਮਲ ਨਾ ਕਰਨ ’ਤੇ ਨਿਰਾਸ਼ਾ ਪ੍ਰਗਟ ਕੀਤੀ ਸੀ।
ਭਾਰਤ ਨੇ ਪ੍ਰਧਾਨ ਮੰਤਰੀ ਦੇ ਭੋਪਾਲ ਦੌਰੇ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਸਵੇਰੇ ‘ਐਕਸ’ ’ਤੇ ਪੋਸਟ ਕੀਤਾ , ‘‘ਭੋਪਾਲ ਦੀ ਧਰਤੀ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਹੈ। ਉਹ ਗ਼ਰੀਬਾਂ ਅਤੇ ਪਿਛੜੇ ਵਰਗਾਂ ਦੇ ਮਸੀਹਾ ਹਨ, ਮੈਨੂੰ ਯਕੀਨ ਹੈ ਕਿ ਉਹ ਔਰਤਾਂ ਲਈ ਓ.ਬੀ.ਸੀ. ਰਾਖਵਾਂਕਰਨ ’ਤੇ ਸਾਕਾਰਾਤਮਕ ਸੰਕੇਤ ਦੇਣਗੇ।’’