
ਅਪਰਾਧੀ ਨਾਲ ਬੇਟੇ ਨੂੰ ਮਿਲਣਾ ਗਲਤ ਸੀ, ਨਹੀਂ ਹੋਣਾ ਚਾਹੀਦਾ ਸੀ: ਅਜੀਤ ਪਵਾਰ
ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਇਕ ਬਦਨਾਮ ਅਪਰਾਧੀ ਨਾਲ ਮੁਲਾਕਾਤ ਗਲਤ ਸੀ ਅਤੇ ਇਸ ਤੋਂ ਬਚਣਾ ਚਾਹੀਦਾ ਸੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।
ਪਵਾਰ ਨੇ ਕਿਹਾ ਕਿ ਉਹ ਪਾਰਥ ਪਵਾਰ ਅਤੇ ਗੈਂਗਸਟਰ ਗਜਾਨਨ ਮਾਰਨੇ ਵਿਚਕਾਰ ਮੁਲਾਕਾਤ ਦੇ ਸਾਰੇ ਵੇਰਵੇ ਇਕੱਠੇ ਕਰਨਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪਾਰਟੀ ਵਰਕਰ ਉਨ੍ਹਾਂ ਦੇ ਬੇਟੇ ਨੂੰ ਉੱਥੇ ਲੈ ਗਏ ਹੋਣ।
ਐਨ.ਸੀ.ਪੀ. ਦੇ ਸੀਨੀਅਰ ਨੇਤਾ ਨੇ ਦਾਅਵਾ ਕੀਤਾ, ‘‘ਘਟਨਾ ਤੋਂ ਬਾਅਦ, ਮੈਂ ਪੁਲਿਸ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਅਜਿਹੇ ਤੱਤਾਂ ਨੂੰ ਉਨ੍ਹਾਂ ਦੇ ਨੇੜੇ ਨਹੀਂ ਆਉਣਾ ਚਾਹੀਦਾ ਸੀ। ਇਹ ਕਿਸੇ ਵੀ ਸਿਆਸੀ ਨੇਤਾ ਨਾਲ ਹੋ ਸਕਦਾ ਹੈ।’’ ਬਾਰਾਮਤੀ ਦੇ ਵਿਧਾਇਕ ਨੇ ਕਿਹਾ, ‘‘ਜੋ ਹੋਇਆ ਉਹ ਗਲਤ ਸੀ। ਮੈਂ ਸਾਰੇ ਵੇਰਵੇ ਇਕੱਠੇ ਕਰ ਰਿਹਾ ਹਾਂ। ਅਜਿਹਾ ਲਗਦਾ ਹੈ ਕਿ ਪਾਰਟੀ ਵਰਕਰ ਪਾਰਥ ਨੂੰ ਉੱਥੇ ਲੈ ਗਏ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮੈਂ ਉਸ ਨਾਲ ਗੱਲ ਕਰਾਂਗਾ।’’
ਪਵਾਰ ਨੇ ਕਿਹਾ ਕਿ ਇਕ ਬਦਨਾਮ ਅਪਰਾਧੀ ਨੂੰ ਕਦੇ ਪਾਰਟੀ ’ਚ ਸ਼ਾਮਲ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ ਉਸ ਦੇ ਅਤੀਤ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਤੁਰਤ ਹਟਾ ਦਿਤਾ ਗਿਆ। ਪਾਰਥ ਪਵਾਰ ਅਤੇ ਮਾਰਨੇ ਦੀ ਮੁਲਾਕਾਤ ਐਨ.ਸੀ.ਪੀ. ਦੇ ਕਈ ਵਰਕਰਾਂ ਨਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਿਆਪਕ ਤੌਰ ’ਤੇ ਫੈਲੀਆਂ ਹੋਈਆਂ ਹਨ।
ਐਨ.ਸੀ.ਪੀ. ਦੇ ਸ਼ਰਦ ਪਵਾਰ ਧੜੇ ਦੇ ਵਿਧਾਇਕ ਰੋਹਿਤ ਪਵਾਰ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੁੱਛ-ਪੜਤਾਲ ਬਾਰੇ ਪੁੱਛੇ ਜਾਣ ’ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪੁੱਛ-ਪੜਤਾਲ ਲਈ ਬੁਲਾਉਣਾ ਜਾਂਚ ਏਜੰਸੀਆਂ ਦਾ ਕੰਮ ਹੈ ਅਤੇ ਸੱਚਾਈ ਦਾ ਜਵਾਬ ਦੇਣਾ ਲੋਕਾਂ ਦਾ ਫਰਜ਼ ਹੈ।
ਉਨ੍ਹਾਂ ਕਿਹਾ, ‘‘ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਵੀ ਮੇਰੇ ਤੋਂ ਪੰਜ ਘੰਟੇ ਪੁੱਛ-ਪੜਤਾਲ ਕੀਤੀ ਪਰ ਭੀੜ ਇਕੱਠੀ ਕਰ ਕੇ ਪ੍ਰਚਾਰ ਨਹੀਂ ਕੀਤਾ।’’ ਸ਼ਰਦ ਪਵਾਰ ਦੇ ਪੋਤੇ ਰੋਹਿਤ ਪਵਾਰ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਨਾਲ ਜੁੜੇ ਕਥਿਤ ਘਪਲੇ ਦੇ ਸਬੰਧ ’ਚ ਪੁੱਛ-ਪੜਤਾਲ ਲਈ ਬੁਧਵਾਰ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣ ਤੋਂ 11 ਘੰਟਿਆਂ ਬਾਅਦ ਰਵਾਨਾ ਹੋ ਗਏ ਸਨ। ਸੈਂਕੜੇ ਐਨ.ਸੀ.ਪੀ. ਵਰਕਰ ਦਖਣੀ ਮੁੰਬਈ ’ਚ ਪਾਰਟੀ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਰੋਹਿਤ ਪਵਾਰ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ ਅਤੇ ਈ.ਡੀ. ਦੇ ਵਿਰੁਧ ਪ੍ਰਦਰਸ਼ਨ ਕੀਤਾ।