
ਮੋਦੀ ਹਨ ਜਾਸੂਸੀ ਕਰਨ ਵਾਲੇ ਬਿਗ ਬੌਸ : ਰਾਹੁਲ
'ਅਬ ਕੀ ਬਾਰ, ਡੈਟਾ ਲੀਕ ਸਰਕਾਰ' : ਸਿੰਘਵੀ
ਹਜ਼ਾਰਾਂ ਫ਼ੇਸਬੁਕ ਪ੍ਰਯੋਗਕਰਤਾਵਾਂ ਨਾਲ ਸਬੰਧਤ ਜਾਣਕਾਰੀਆਂ ਦੇ ਗ਼ਲਤ ਪ੍ਰਯੋਗ ਬਾਰੇ ਪ੍ਰਗਟਾਵੇ ਹੋਣ ਮਗਰੋਂ ਦੇਸ਼ ਅੰਦਰ ਨਿਜੀ ਜਾਣਕਾਰੀਆਂ ਬਾਰੇ ਦੂਸ਼ਣਬਾਜ਼ੀ ਵਧਦੀ ਜਾ ਰਹੀ ਹੈ। ਅੱਜ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ 'ਡੈਟਾ ਲੀਕ ਸਰਕਾਰ' ਕਰਾਰ ਦਿੰਦਿਆਂ ਸਵਾਲ ਕੀਤਾ ਕਿ ਇਸ ਦੇ ਸ਼ਾਸਨ ਵਿਚ ਜਿਸ ਤਰ੍ਹਾਂ ਬੈਂਕ ਘੁਟਾਲੇ ਅਤੇ ਕਥਿਤ ਡੈਟਾ ਚੋਰੀ ਹੋ ਰਿਹਾ ਹੈ, ਉਸ ਨੂੰ ਵੇਖਦਿਆਂ ਬੈਂਕਾਂ ਵਿਚ ਲੋਕਾਂ ਦਾ ਧਨ ਅਤੇ ਉਨ੍ਹਾਂ ਦੀਆਂ ਵਿਅਕਤੀਗਤ ਸੂਚਨਾਵਾਂ ਕਿਸ ਹੱਦ ਤਕ ਸੁਰੱਖਿਅਤ ਹਨ?
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਬਿਗ ਬੌਸ' ਕਰਾਰ ਦਿਤਾ ਜੋ ਭਾਰਤੀਆਂ ਦੀ ਜਾਸੂਸੀ ਕਰਵਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੇ ਅਧਿਕਾਰਤ ਐਪ ਨਾਲ ਉਪਭੋਗਤਾਵਾਂ ਦੀ ਸਹਿਮਤੀ ਬਿਨਾਂ ਡੈਟਾ ਸਾਂਝਾ ਕਰਨ ਦੇ ਦੋਸ਼ ਸਾਹਮਣੇ ਆਉਣ ਮਗਰੋਂ ਕਾਂਗਰਸ ਪ੍ਰਧਾਨ ਨੇ ਟਵਿਟਰ 'ਤੇ ਕਿਹਾ ਕਿ ਨਮੋ ਐਪ ਨੇ ਗੁਪਤ ਰੂਪ ਵਿਚ ਆਡੀਉ, ਵੀਡੀਉ, ਸੰਪਰਕ ਕੀਤਾ ਅਤੇ ਜੀਪੀਐਸ ਜ਼ਰੀਏ ਪਤਾ-ਟਿਕਾਣਾ ਜਾਣ ਲਿਆ। ਉਨ੍ਹਾਂ ਕਿਹਾ, ''ਮੋਦੀ ਦਾ 'ਨਮੋ ਐਪ' ਗੁਪਤ ਰੂਪ ਨਾਲ ਆਡੀਉ, ਵੀਡੀਉ ਅਤੇ ਤੁਹਾਡੇ ਮਿੱਤਰਾਂ ਤੇ ਪਰਵਾਰ ਦੇ ਸੰਪਰਕ ਰੀਕਾਰਡ ਕਰ ਰਿਹਾ ਹੈ ਅਤੇ ਜੀਪੀਐਸ ਜ਼ਰੀਏ ਤੁਹਾਡੇ ਪਤੇ ਨੂੰ ਜਾਣ ਰਿਹਾ ਹੈ। ਉਹ ਬਿਗ ਬੌਸ ਹੈ ਜੋ ਭਾਰਤੀਆਂ ਦੀ ਜਾਸੂਸੀ ਕਰਨਾ ਚਾਹੁੰਦਾ ਹੈ।'' ਰਾਹੁਲ ਨੇ ਕਿਹਾ, ''ਹੁਣ ਉਹ ਸਾਡੇ ਬੱਚਿਆਂ ਬਾਰੇ ਡੈਟਾ ਚਾਹੁੰਦੇ ਹਨ। 13 ਲੱਖ ਐਨ.ਸੀ.ਸੀ. ਕੈਡੇਟਾਂ ਨੂੰ ਐਪ ਡਾਊਨਲੋਡ ਕਰਨ ਲਈ ਮਜਬੂਰ ਕੀਤਾ ਗਿਆ।'' ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਭਾਰਤ ਨਾਲ ਤਕਨੀਕ ਜ਼ਰੀਏ ਸੰਵਾਦ ਕਰਨਾ ਚਾਹੁੰਦੇ ਹਨ ਤਾਂ ਕੋਈ ਸਮੱਸਿਆ ਨਹੀਂ ਪਰ ਕੀ ਇਸ ਲਈ ਅਧਿਕਾਰਤ ਪੀ.ਐਮ.ਓ. ਐਪ ਦੀ ਵਰਤੋਂ ਕੀਤੀ ਜਾਵੇਗੀ।
Rahul Gandhi
ਰਾਹੁਲ ਨੇ ਕਿਹਾ ਕਿ ਦਰਅਸਲ ਇਹ ਸਰਕਾਰ ਸਾਡੇ ਦੇਸ਼ ਦੇ ਲੋਕਾਂ ਨਾਲ ਜੁੜੀਆਂ ਕੀਮਤੀ ਜਾਣਕਾਰੀਆਂ ਦਾ ਸੌਦਾ ਕਰ ਰਹੀ ਹੈ। ਸਰਕਾਰ ਦਾ ਮੰਤਵ ਸਿਰਫ਼ ਇਹੋ ਹੈ ਕਿ ਉਹ ਸਿਆਸੀ ਮੁਫ਼ਾਦਾਂ ਲਈ ਕੁੱਝ ਵੀ ਕਰ ਸਕਦੀ ਹੈ। ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਅਤੇ ਲੋਕਾਂ ਦੀ ਨਿਜਤਾ ਨਾਲ ਕੋਈ ਲੈਣਾ-ਦੇਣਾ ਨਹੀਂ। ਸਰਕਾਰ ਸਿਰਫ਼ ਅਪਣੇ ਹਿੱਤ ਅਤੇ ਆਗਾਮੀ ਲੋਕ ਸਭਾ ਚੋਣਾਂ ਵੇਖ ਰਹੀ ਹੈ।ਉਧਰ, ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੀਆਂ ਵਿਅਕਤੀਗਤ ਸੂਚਨਾਵਾਂ ਦੀ ਚੋਰੀ ਹੋ ਰਹੀ ਹੈ, ਉਸ ਨੂੰ ਵੇਖਦਿਆਂ ਲਗਦਾ ਹੈ ਕਿ ਮੋਦੀ ਜੀ ਇਹ ਕਰ ਰਹੇ ਹਨ ਯਾਨੀ 'ਨਿਜਤਾ ਪਰ ਪ੍ਰਹਾਰ, ਅਬ ਕੀ ਬਾਰ ਡਾਟਾ ਲੀਕ ਸਰਕਾਰ।' ਸਿੰਘਵੀ ਨੇ ਕਿਹਾ ਕਿ ਇਕ ਪਾਸੇ ਅਧਿਕਾਰਤ ਸਰਕਾਰੀ ਮੋਬਾਈਲ ਐਪ ਹੈ ਜਿਸ ਵਿਚ 15 ਬਿੰਦੂਆਂ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਜਦਕਿ ਦੂਜੇ ਪਾਸੇ ਨਿਜੀ 'ਨਮੋ ਐਪ' ਵਿਚ 22 ਬਿੰਦੂਆਂ 'ਤੇ ਸੂਚਨਾਵਾਂ ਮੰਗੀਆਂ ਜਾਂਦੀਆਂ ਹਨ। ਸਿੰਘਵੀ ਨੇ ਕਿਹਾ ਕਿ 50 ਲੱਖ ਭਾਰਤੀਆਂ ਨੇ 'ਨਮੋ ਐਪ' ਡਾਊਨਲੋਡ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀਗਤ ਐਪ ਨੂੰ ਨਿਜੀ ਡੈਟਾਬੇਸ ਕਿਉਂ ਬਣਾਇਆ ਜਾ ਰਿਹਾ ਹੈ?
Narendra Modi
ਉਨ੍ਹਾਂ ਕਿਹਾ, ''ਇਕ ਪਾਸੇ ਤਾਂ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਲੋਕ ਬੈਂਕਾਂ ਨਾਲ ਕਰੋੜਾਂ ਰੁਪਏ ਲੈ ਕੇ ਦੇਸ਼ ਦੇ ਬਾਹਰ ਚਲੇ ਜਾਂਦੇ ਹਨ, ਦੂਜੇ ਪਾਸੇ ਦੇਸ਼ ਵਿਚ ਡੈਟਾ ਲੀਕ ਹੋ ਰਿਹਾ ਹੈ।''ਕਾਂਗਰਸ 'ਤੇ ਮੋੜਵਾਂ ਵਾਰ ਕਰਦਿਆਂ ਸੱਤਾਧਿਰ ਪਾਰਟੀ ਨੇ ਵਿਰੋਧੀ ਧਿਰ 'ਤੇ ਚੋਰੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਅਪਣੀ ਮੋਬਾਈਲ ਐਪ ਰਾਹੀਂ ਪ੍ਰਯੋਗਕਰਤਾਵਾਂ ਦਾ ਡੈਟਾ ਸਿੰਗਾਪੁਰ ਵਿਖੇ ਭੇਜ ਰਹੇ ਹਨ। ਜ਼ਿਕਰਯੋਗ ਹੈ ਕਿ ਇਲੀਅਟ ਐਲਡਰਸਨ ਦੇ ਫ਼ਰਜ਼ੀ ਨਾਂ ਹੇਠ ਵਿਚਰ ਰਹੇ ਇਕ ਸੁਰੱਖਿਆ ਮਾਹਰ ਨੇ ਸਨਿਚਰਵਾਰ ਨੂੰ ਇਹ ਆਖ ਕੇ ਸਿਆਸੀ ਤੂਫ਼ਾਨ ਪੈਦਾ ਕਰ ਦਿਤਾ ਸੀ ਕਿ ਨਰਿੰਦਰ ਮੋਦੀ ਦੀ ਮੋਬਾਈਲ ਐਪ ਬਗ਼ੈਰ ਪ੍ਰਯੋਗਕਰਤਾਵਾਂ ਦੀ ਇਜਾਜ਼ਤ ਤੋਂ ਉਨ੍ਹਾਂ ਦੀਆਂ ਨਿਜੀ ਜਾਣਕਾਰੀਆਂ ਨੂੰ ਤੀਜੀ ਧਿਰ ਨੂੰ ਦੇ ਰਹੀ ਹੈ ਜਿਸ ਦੀਆਂ ਜੜ੍ਹਾਂ ਅਮਰੀਕਾ 'ਚ ਹਨ। ਉਨ੍ਹਾਂ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਪ੍ਰਗਟਾਵੇ ਤੋਂ ਬਾਅਦ ਇਸ ਐਪ ਨੇ ਚੁਪਚਾਪ ਅਪਣੀ ਨਿਜੀ ਜਾਣਕਾਰੀ ਬਾਰੇ ਨੀਤੀ 'ਚ ਬਦਲਾਅ ਕਰ ਦਿਤਾ ਸੀ। (ਏਜੰਸੀ)