
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੇ ਅਖੌਤੀ ਮਾਡਲ 'ਤੇ ਚੱਲਣ ਦੀ ਬਜਾਏ ਸੂਬੇ ਅੰਦਰ ਸਿਸਟਮ ਠੀਕ ਕਰਨਾ ਚਾਹੀਦਾ ਹੈ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਗਿਆਨ ਦੇ ਆਦਾਨ-ਪ੍ਰਦਾਨ ਲਈ ਕੀਤੇ ‘ਸਮਝੌਤੇ’ ਨੂੰ ਸਸਤਾ ਸਿਆਸੀ ਸਟੰਟ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਇਕ ਸੂਬੇ ਦੇ ਨੇਤਾ ਦੂਜੇ ਸੂਬਿਆਂ ਦੀਆਂ ਨੀਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ ਹਨ। ਦੋ ਸੂਬਿਆਂ ਦਰਮਿਆਨ ਸਮਝੌਤਿਆਂ 'ਤੇ ਦਸਤਖਤ ਕਰਨਾ ਇਕ ਨਵੀਂ ਅਤੇ ਅਜੀਬ ਪਰੰਪਰਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਸਥਾਪਤ ਕਰਨ ਜਾ ਰਹੀ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚਾਲੇ ਹੋਏ ਇਸ ਸਮਝੌਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦਾ ਪ੍ਰਸ਼ਾਸਨ ਆਪਣੇ ਰਿਮੋਟ ਤੋਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੇਸ਼ ਦੇ ਸੰਘੀ ਢਾਂਚੇ ਲਈ ਇਕ ਨਵੀਂ ਚੁਣੌਤੀ ਹੈ। ਚੁੱਘ ਨੇ ਪੰਜਾਬ ਦੇ ਸਕੂਲਾਂ ਦੀ ਸਹੀ ਹਾਲਤ ਨੂੰ ਸਮਝੇ ਬਿਨ੍ਹਾਂ ਦਿੱਲੀ ਦੇ ਸਕੂਲਾਂ ਦੇ ਮਾਡਲ ਦੀ ਪੜ੍ਹਾਈ ਕਰਨ ਲਈ ਦਿੱਲੀ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ।
Delhi and Punjab sign knowledge-sharing agreement
ਉਹਨਾਂ ਕਿਹਾ ਕਿ 2016 ਵਿਚ ਅਕਾਲੀ ਭਾਜਪਾ ਸਰਕਾਰ ਸਮੇਂ ਇਸ ਸਿਸਟਮ ਨੂੰ ਦੇਸ਼ ਵਿਚ ਦੂਜੇ ਨੰਬਰ 'ਤੇ ਰੱਖਿਆ ਗਿਆ ਸੀ ਜਦਕਿ ਦਿੱਲੀ ਬਹੁਤ ਪਿੱਛੇ ਸੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੇ ਅਖੌਤੀ ਮਾਡਲ 'ਤੇ ਚੱਲਣ ਦੀ ਬਜਾਏ ਸੂਬੇ ਅੰਦਰ ਸਿਸਟਮ ਠੀਕ ਕਰਨਾ ਚਾਹੀਦਾ ਹੈ। ਪੂਰੇ ਮਾਮਲੇ ਨੂੰ ਲੈ ਕੇ ਸਿਆਸੀ ਡਰਾਮਾ ਨਹੀਂ ਕਰਨਾ ਚਾਹੀਦਾ। ਇਹ ਪੰਜਾਬ ਅਤੇ ਪੰਜਾਬੀਆਂ ਦੇ ਸਵੈ-ਮਾਣ ਦਾ ਘੋਰ ਅਪਮਾਨ ਹੈ।