
ਤਰੁਣ ਚੁੱਘ ਨੇ ਕਿਹਾ ਕਿ ਖੋਖਲੇ ਅਤੇ ਧੋਖੇ ਭਰੇ ਵਾਅਦੇ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਸਰਕਾਰ ਦਾ ਪਹਿਲਾ ਇਕ ਮਹੀਨਾ ਲੋਕਾਂ ਲਈ ਪੂਰੀ ਤਰ੍ਹਾਂ ਨਿਰਾਸ਼ਾਜਨਕ ਰਿਹਾ ਹੈ। ਤਰੁਣ ਚੁੱਘ ਨੇ ਕਿਹਾ ਕਿ ਖੋਖਲੇ ਅਤੇ ਧੋਖੇ ਭਰੇ ਵਾਅਦੇ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ।
ਮੁਫ਼ਤ ਬਿਜਲੀ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਉਹਨਾਂ ਕਿਹਾ, "300 ਯੂਨਿਟ ਮੁਫਤ ਬਿਜਲੀ ਦੇਣ ਦਾ ਸਰਕਾਰ ਦਾ ਐਲਾਨ ਸਮਾਜ ਨੂੰ ਵੰਡਣ ਵਾਲਾ ਹੈ, ਇਹ ਸਿਰਫ਼ ਇਕ ਮਜ਼ਾਕ ਹੈ। 'ਆਪ' ਸਰਕਾਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ”।
ਪੰਜਾਬ ਦੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੀ ਜਾਂਚ ਕਰਨ ਦੇ ਫੈਸਲੇ ’ਤੇ ਤੰਜ਼ ਕੱਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਥ ਸ਼ਾਸਤਰ ਦੇ ਬੁਨਿਆਦੀ ਸਬਕ ਸਿੱਖਣ ਦੀ ਲੋੜ ਹੈ। ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਨੇ ਪੂਰਾ ਪੈਸਾ ਜਮ੍ਹਾਂ ਕਰ ਲਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਵਿੱਤੀ ਅਨੁਸ਼ਾਸਨ ਵਿਚ ਸਬਕ ਲੈਣ ਅਤੇ ਇਸ ਤਰ੍ਹਾਂ ਦੇ ਮਜ਼ਾਕੀਆ ਐਲਾਨ ਕਰਨ ਦੀ ਬਜਾਏ ਰਾਜ ਲਈ ਕੁਝ ਬਿਹਤਰ ਕੰਮ ਕਰਨ"।
ਉਹਨਾਂ ਕਿਹਾ ਕਿ ਸੂਬੇ ਵਿਚ ਕਣਕ ਦੀ ਖਰੀਦ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਕਿਸਾਨਾਂ ਨੂੰ ਰਾਹਤ ਦੇਣ ਲਈ 'ਆਪ' ਸਰਕਾਰ ਦਾ ਇਹ ਪਹਿਲਾ ਇਮਤਿਹਾਨ ਸੀ ਪਰ ਸਰਕਾਰ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।