
ਇਸ ਮੰਚ 'ਤੇ ਇੱਕ ਵਾਰ ਫਿਰ ਐਸਵਾਈਐਲ ਨਹਿਰ ਨੂੰ ਲੈ ਕੇ ਸਿਆਸੀ ਰੋਟੀਆਂ ਸੇਕੀਆਂ ਗਈਆਂ।
ਕਰਨਾਲ - ਹਰਿਆਣਾ ਦੇ ਫ਼ਤਿਹਾਬਾਦ 'ਚ ਚੌਧਰੀ ਦੇਵੀ ਲਾਲ ਦੀ 109ਵੀਂ ਜਯੰਤੀ 'ਤੇ ਬੀਤੇ ਦਿਨ ਸਨਮਾਨ ਦਿਵਸ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਓ.ਪੀ.ਚੌਟਾਲਾ ਨੇ ਭਾਜਪਾ ਸਰਕਾਰ ਖਿਲਾਫ਼ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਦਾ ਕੰਮ ਕੀਤਾ। ਇਸ ਮੰਚ 'ਤੇ ਇੱਕ ਵਾਰ ਫਿਰ ਐਸਵਾਈਐਲ ਨਹਿਰ ਨੂੰ ਲੈ ਕੇ ਸਿਆਸੀ ਰੋਟੀਆਂ ਸੇਕੀਆਂ ਗਈਆਂ।
ਓਪੀ ਚੌਟਾਲਾ ਨੇ ਸਟੇਜ ਤੋਂ ਸੱਤਾ ਵਿਚ ਆਉਣ 'ਤੇ ਕਈ ਐਲਾਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਇਸ ਵਾਅਦੇ ਵਿਚ ਓਪੀ ਚੌਟਾਲਾ ਨੇ ਹਰਿਆਣਾ ਅਤੇ ਪੰਜਾਬ ਦਰਮਿਆਨ ਵਿਵਾਦਤ ਐਸਵਾਈਐਲ ਮੁੱਦੇ ਦਾ ਵੀ ਜ਼ਿਕਰ ਕੀਤਾ। ਐੱਸਵਾਈ ਦਾ ਜ਼ਿਕਰ ਕਰਦਿਆਂ ਚੌਟਾਲਾ ਨੇ ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਕਿਹਾ ਕਿ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਐਸਵਾਈਐਲ ਦਾ ਪਾਣੀ ਹਰਿਆਣਾ ਵਿਚ ਲਿਆਂਦਾ ਜਾਵੇਗਾ।
ਜਦੋਂ ਓ.ਪੀ.ਚੌਟਾਲਾ ਸਟੇਜ ਤੋਂ ਇਹ ਐਲਾਨ ਕਰ ਰਹੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਸੇ ਮੰਚ 'ਤੇ ਆਪਣੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨਾਲ ਗੁਫ਼ਤਗੂ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਦਾ ਧਿਆਨ ਸਿਰਫ਼ ਓਪੀ ਚੌਟਾਲਾ ਦੇ ਭਾਸ਼ਣ 'ਤੇ ਹੀ ਸੀ।
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਐਸਵਾਈਐਲ ਨਾ ਬਣਾਉਣ ਦੀ ਗੱਲ ਕਰ ਰਿਹਾ ਹੈ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਵਿੱਚ ਐਸਵਾਈਐਲ ਲਈ ਐਕੁਆਇਰ ਕੀਤੀ 5376 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦਰਮਿਆਨ ਸਿਆਸੀ ਅਤੇ ਪਰਿਵਾਰਕ ਸਬੰਧ ਹਨ। ਇੱਕ ਸਮਾਂ ਸੀ ਜਦੋਂ ਦੋਵਾਂ ਰਾਜਾਂ ਵਿੱਚ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਸਨ, ਪਰ ਫਿਰ ਵੀ ਇਹ ਮਾਮਲਾ ਹੱਲ ਨਹੀਂ ਹੋਇਆ।