31 ਅਗੱਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਹੋਣ ਜਾ ਰਹੀ ਹੈ ‘ਇੰਡੀਆ’ ਗਠਜੋੜ ਦੀ ਤੀਜੀ ਬੈਠਕ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੀ ਮੁੰਬਈ ’ਚ ਹੋਣ ਵਾਲੀ ਮੀਟਿੰਗ ਦੌਰਾਨ ਕੁਝ ਹੋਰ ਸਿਆਸੀ ਪਾਰਟੀਆਂ ਦੇ ਇਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁਟ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਨਿਤੀਸ਼ ਨੇ ‘ਇੰਡੀਆ’ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵਾਲੀਆਂ ਪਾਰਟੀਆਂ ਦੇ ਨਾਂ ਨਹੀਂ ਦੱਸੇ ਪਰ ਇਹ ਕਿਹਾ ਕਿ ਇਸ ਦੌਰਾਨ ਸੀਟਾਂ ਦੀ ਵੰਡ ਵਰਗੇ ਚੋਣ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਪਟਨਾ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਿਤੀਸ਼ ਨੇ ਕਿਹਾ, ‘‘ਅਸੀਂ ਮੁੰਬਈ ’ਚ ਹੋਣ ਵਾਲੀ ਬੈਠਕ ’ਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ‘ਇੰਡੀਆ’ ਦੀ ਰਣਨੀਤੀ ’ਤੇ ਚਰਚਾ ਕਰਾਂਗੇ। ਸੀਟਾਂ ਦੀ ਵੰਡ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਕਈ ਹੋਰ ਏਜੰਡਿਆਂ ਨੂੰ ਅੰਤਿਮ ਰੂਪ ਦਿਤਾ ਜਾਵੇਗਾ।’’ ਕੁਝ ਹੋਰ ਸਿਆਸੀ ਪਾਰਟੀਆਂ ਸਾਡੇ ਗਠਜੋੜ ’ਚ ਸ਼ਾਮਲ ਹੋਣਗੀਆਂ।
ਉਨ੍ਹਾਂ ਕਿਹਾ, ‘‘ਮੈਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਪਾਰਟੀਆਂ ਨੂੰ ਇਕਜੁਟ ਕਰਨਾ ਚਾਹੁੰਦਾ ਹਾਂ। ਮੈਂ ਉਸ ਦਿਸ਼ਾ ’ਚ ਕੰਮ ਕਰ ਰਿਹਾ ਹਾਂ... ਮੇਰੀ ਅਪਣੀ ਕੋਈ ਇੱਛਾ ਨਹੀਂ ਹੈ।’’
ਲੋਕ ਸਭਾ ਚੋਣਾਂ ’ਚ ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਟੱਕਰ ਦੇਣ ਲਈ ਬਣਾਏ ਗਏ 26-ਪਾਰਟੀਆਂ ਵਾਲੇ ਵਿਰੋਧੀ ਗਠਜੋੜ ਦੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੋ ਵਾਰ ਮੀਟਿੰਗ ਹੋਈ ਹੈ। ਵਿਰੋਧੀ ਗਠਜੋੜ ਦੀ ਪਹਿਲੀ ਮੀਟਿੰਗ 23 ਜੂਨ ਨੂੰ ਪਟਨਾ ਵਿਚ ਅਤੇ ਦੂਜੀ ਮੀਟਿੰਗ 17-18 ਜੁਲਾਈ ਨੂੰ ਬੈਂਗਲੁਰੂ ’ਚ ਹੋਈ। ‘ਇੰਡੀਆ’ 31 ਅਗੱਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਅਪਣੀ ਤੀਜੀ ਮੀਟਿੰਗ ਕਰਨ ਜਾ ਰਹੀ ਹੈ।
ਇਸ ਦੌਰਾਨ ਨਿਤੀਸ਼ ਨੇ ਪਟਨਾ ਦੇ ਬੇਲੀ ਰੋਡ ’ਤੇ ਬੇਲੀ ਮੋੜ ਨੇੜੇ ਲੋਹੀਆ ਪਾਠ ਚੱਕਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ ਅਤੇ ਭਰੋਸਾ ਦਿਤਾ ਕਿ ਇਹ ਪ੍ਰਾਜੈਕਟ ਦੁਰਗਾ ਪੂਜਾ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਿਹਾ ਹਾਂ। ਇਹ ਦੁਰਗਾ ਪੂਜਾ ਤੋਂ ਪਹਿਲਾਂ ਪੂਰਾ ਹੋ ਜਾਵੇਗਾ। ਇਸ ਦੇ ਮੁਕੰਮਲ ਹੋਣ ਨਾਲ ਇਲਾਕੇ ’ਚ ਆਵਾਜਾਈ ’ਚ ਆਸਾਨੀ ਹੋਵੇਗੀ।’’