ਮਾਈਨਿੰਗ ਦੀ ਸੂਚਨਾ ’ਤੇ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਵਿਅਕਤੀਆਂ ਵਿਚ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ: SSP
ਤਰਨਤਾਰਨ: ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਪਾ ਕੇ ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੂੰ ਸਿੱਧੀ ਚੁਨੌਤੀ ਦਿਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਸ.ਐੱਸ.ਪੀ. ਨੇ ਇਕ ਮਹੀਨੇ ਲਈ ਅਫਸਰਾਂ ਦੀ ਨਿਯੁਕਤੀ ਕੀਤੀ ਹੈ। ਵਿਧਾਇਕ ਨੇ ਐੱਸ.ਐੱਸ.ਪੀ.’ਤੇ ਹੋਰ ਵੀ ਗੰਭੀਰ ਦੋਸ਼ ਲਾਏ ਹਨ। ਉਧਰ, ਇਸ ਸਬੰਧੀ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਵਲੋਂ ਸਿਰਫ਼ ਦੋਸ਼ ਹੀ ਲਾਏ ਗਏ ਹਨ। ਉਹ ਇਸ ਦਾ ਜਵਾਬ ਨਹੀਂ ਦੇਣਗੇ। ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਬਾਰੇ ਐੱਸ.ਐੱਸ.ਪੀ. ਨੇ ਦਸਿਆ ਕਿ ਮਾਈਨਿੰਗ ਦੀ ਸੂਚਨਾ ’ਤੇ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਵਿਅਕਤੀਆਂ ਵਿਚ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੁਰਾਲੀ ਦੀ ਕੈਮੀਕਲ ਫੈਕਟਰੀ ਵਿਚ ਲੱਗੀ ਅੱਗ; 8 ਲੋਕ ਝੁਲਸੇ
ਵਿਧਾਇਕ ਨੇ ਫੇਸਬੁੱਕ ਪੋਸਟ ਵਿਚ ਲਿਖਿਆ, “ਐੱਸ.ਐੱਸ.ਪੀ. ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਹੀ ਰਲਿਆ ਹੋਇਆ ਪਰ ਹੁਣ ਪਤਾ ਲੱਗਿਆ ਤੂੰ ਕਾਇਰ ਵੀ ਏ । ਬਾਕੀ ਐੱਸ.ਐੱਸ.ਪੀ. ਤੂੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ - ਉਨ੍ਹਾਂ ਜੋ ਮੇਰੇ ਰਿਸ਼ਤੇਦਾਰ ਨਾਲ ਕੀਤਾ । ਉਸ ਦੇ ਜਵਾਬ ਦੀ ਉਡੀਕ ਕਰੋ! ਬਾਕੀ ਤੂੰ ਜੋ ਸੀ.ਆਈ.ਏ. ਵਾਲਿਆਂ ਕੋਲੋ ਰਾਤ ਸੁਨੇਹਾ ਭੇਜਿਆ ਕਿ - ਜੇ ਗੈਗਸਟਰ ਕਾਰਵਾਈ ਕਰਨ ਐਮ.ਐਲ. ਏ. ਤੇ ਕਈ ਪਰਿਵਾਰ ਤਬਾਹ ਹੋ ਜਾਂਦੇ। ਮੈਨੂੰ ਸਵਿਕਾਰ ਹੈ - ਮੈ ਅਪਣੀ ਪੁਲਿਸ ਸਕਿਊਰਟੀ ਤੈਨੂੰ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲ੍ਹਾ ਸਮਾਂ ਤੂੰ ਜੋ ਮੈਨੂੰ ਕਰਵਾਉਣਾ ਕਰਵਾ ਲੈ । ਬਾਕੀ ਪਰਿਵਾਰ ਸੱਭ ਦੇ ਬਰਾਬਰ ਨੇ”।
ਵਿਧਾਇਕ ਨੇ ਅੱਗੇ ਲਿਖਿਆ, “ ਰਾਤ ਤੇਰਾ ਸੀ.ਆਈ.ਏ. ਵਾਲਾ ਰਜਿਆ ਕਹਿੰਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ ਐੱਸ.ਐੱਸ.ਪੀ. ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਹਾਂ ਐਡਾ ਵੱਡਾ ਨਸੇੜੀ ਤੂੰ ਸੀ.ਆਈ.ਏ. ਦੀ ਕੁਰਸੀ ’ਤੇ ਕਿਉਂ ਰੱਖਿਆ। ਬਾਕੀ ਤੁਸੀਂ ਜੋ ਕੁੱਟ ਕੁੱਟ ਕਹਿੰਦੇ ਰਹੇ ਕਿ ਐਮ. ਐਲ.ਏ ਦਾ ਨਾਂਅ ਲੈ। ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ ! ਤੇਰੇ ਵਲੋਂ ਮੇਰੇ ਰਿਸਤੇਦਾਰ ’ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾ ਹਾਂ। ਉਹ ਬੁਜਦਿਲ ਹੁੰਦਾ ਹੈ ਜੋ ਅਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ। ਤੂੰ ਅਪਣੀ ਵਰਦੀ ਪਾਸੇ ਰੱਖ ਅਤੇ ਮੈਂ ਅਪਣੀ ਐਮ.ਐਲ.ਏ. ਦੀ ਕੁਰਸੀ ਪਾਸੇ ਰੱਖਦਾ - ਫਿਰ ਦੇਖਦੇ...।ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾਂ ਪੈਸੇ ਕੰਮ ਨਹੀਂ ਹੁੰਦਾਪਰ ਅਸੀ ਕਰਵਾਉਣਾ”।
ਇਹ ਵੀ ਪੜ੍ਹੋ: ਨਿੱਝਰ ਕਤਲ ਕਾਂਡ ਬਾਰੇ ਕੈਨੇਡਾ ਦੇ ਦੋਸ਼ਾਂ ’ਤੇ ਪਹਿਲੀ ਵਾਰੀ ਜਨਤਕ ਤੌਰ ’ਤੇ ਬੋਲੇ ਵਿਦੇਸ਼ ਮੰਤਰੀ
ਵਿਧਾਇਕ ਦੀ ਉਪਰੋਕਤ ਪੋਸਟ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਉਕਤ ਪੋਸਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਵਿਧਾਇਕ ਦੇ ਸਮਰਥਕਾਂ ਵਲੋਂ ਵੀ ਪੋਸਟ ਨੂੰ ਸਮਰਥਨ ਦਿਤਾ ਜਾ ਰਿਹਾ ਹੈ। ਭਾਵੇਂ ਇਸ ਸਬੰਧੀ ਹਲਕਾ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ।
ਉਧਰ ਤਰਨਤਾਰਨ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਇਨ੍ਹਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੇ ਸੀਨੀਅਰ ਹੀ ਕੁੱਝ ਕਹਿਣਗੇ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ’ਤੇ ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਭੇਲ ਢਾਈਵਾਲਾ ਵਿਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਜਿਸ 'ਤੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਅਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਇਨ੍ਹਾਂ ਵਿਚ ਵਿਧਾਇਕ ਦਾ ਇਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰੁਟੀਨ ਅਪਰੇਸ਼ਨ ਸੀ, ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ।