
ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਸਪੱਸ਼ਟ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹਾਂ : ਜੈਸ਼ੰਕਰ
ਕਿਹਾ, ਅਸੀਂ ਕੈਨੇਡੀਆਈ ਅਧਿਕਾਰੀਆਂ ਨੂੰ ਕੈਨੇਡਾ ਤੋਂ ਸੰਚਾਲਿਤ ਸੰਗਠਤ ਅਪਰਾਧ ਦੇ ਸਰਗਣੇ ਬਾਰੇ ਕਾਫ਼ੀ ਸੂਚਨਾ ਦਿਤੀ ਹੈ, ਵੱਡੀ ਗਿਣਤੀ ’ਚ ਸਪੁਰਦਗੀ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ, ਪਰ ਸਿਆਸੀ ਕਾਰਨਾਂ ਕਾਰਨ ਇਸ ਦੀ ਅਣਦੇਖੀ ਕੀਤੀ ਗਈ ਹੈ
ਨਿਊਯਾਰਕ: ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦੀ ‘ਸੰਭਾਵਤ’ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਓਟਾਵਾ ਨੂੰ ਦੱਸ ਚੁਕਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ ਅਤੇ ਉਹ ਮਾਮਲੇ ’ਚ ‘ਸਪੱਸ਼ਟ’ ਅਤੇ ‘ਪ੍ਰਾਸੰਗਿਕ’ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹੈ।
ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਮੰਗਲਵਾਰ ਨੂੰ ਨਿਊਯਾਰਕ ’ਚ ਵਿਦੇਸ਼ ਸਬੰਧ ਕੌਂਸਲ ’ਚ ਗੱਲਬਾਤ ਦੌਰਾਨ ਇਹ ਟਿਪਣੀਆਂ ਕੀਤੀਆਂ।
ਕੈਨੇਡਾ ’ਚ 18 ਜੂਨ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ‘ਏਜੰਟਾਂ’ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ’ਤੇ ਜਦੋਂ ਜੈਸ਼ੰਕਰ ਤੋਂ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੂੰ ਇਸ ’ਤੇ ਕੁਝ ਕਹਿਣਾ ਹੈ ਤਾਂ ਉਨ੍ਹਾਂ ਕਿਹਾ, ‘‘ਹਾਂ ਮੈਂ ਕਹਿਣਾ ਹੈ। ਅਸੀਂ ਕੈਨੈਡਾ ਨੂੰ ਜੋ ਕਿਹਾ, ਉਸ ਨੂੰ ਮੈਂ ਤੁਹਾਡ ਨਾਲ ਬਹੁਤ ਸਪੱਸ਼ਟਤਾ ਨਾਲ ਸਾਂਝਾ ਕਰਾਂਗਾ।’’
ਉਨ੍ਹਾਂ ਭਾਰਤ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਕੈਨੇਥ ਜਸਟਰ ਨਾਲ ਗੱਲਬਾਤ ਦੌਰਾਨ ਮੁੱਦੇ ’ਤੇ ਅਪਣੀ ਪਹਿਲੀ ਜਨਤਕ ਟਿਪਣੀ ’ਚ ਕਿਹਾ, ‘‘ਪਹਿਲੀ ਗੱਲ ਤਾਂ ਇਹ ਕਿ ਅਸੀਂ ਕੈਨੇਡੀਆਈ ਅਧਿਕਾਰੀਆਂ ਨੂੰ ਦਸਿਆ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਦੂਜਾ, ਅਸੀਂ ਕੈਨੇਡੀਆਈ ਲੋਕਾਂ ਨੂੰ ਕਿਹਾ ਸੀ ਕਿ ਵੇਖੋ, ਜੇਕਰ ਤੁਹਾਡੇ ਕੋਲ ਕੋਈ ਸਪੱਸ਼ਟ ਸੂਚਨਾ ਹੈ, ਜੇਕਰ ਤੁਹਾਡੇ ਕੋਲ ਕੁਝ ਪ੍ਰਾਸੰਗਿਕ ਜਾਣਕਾਰੀ ਹੈ ਤਾਂ ਸਾਨੂੰ ਦੱਸੋ। ਅਸੀਂ ਇਸ ’ਤੇ ਵਿਚਾਰ ਕਰਨ ਲਈ ਤਿਆਰ ਹਾਂ।’’
ਜੈਸ਼ੰਕਰ ਨੇ ਕਿਹਾ, ‘‘ਤੁਹਾਨੂੰ ਇਹ ਵੀ ਸਮਝਣਾ ਪਵੇਗਾ ਕਿ ਪਿਛਲੇ ਕੁਝ ਸਾਲਾਂ ’ਚ ਕੈਨੇਡਾ ’ਚ ਵੱਖਵਾਦੀ ਤਾਕਤਾਂ, ਸੰਗਠਤ ਅਪਰਾਧ, ਹਿੰਸਾ, ਕੱਟੜਪੰਥ ਨਾਲ ਜੁੜੇ ਕਾਫ਼ੀ ਸੰਗਠਤ ਅਪਰਾਧ ਵੇਖੇ ਹਨ। ਇਨ੍ਹਾਂ ਦਾ ਅਪਰਾਧ ਨਾਲ ਬਹੁਤ ਡੂੰਘਾ ਸਬੰਧ ਹੈ।’’ ਉਨ੍ਹਾਂ ਕਿਹਾ ਕਿ ਭਾਰਤ ‘ਸਪੱਸ਼ਟ ਜਾਣਕਾਰੀ ਅਤੇ ਸੂਚਨਾਵਾਂ’ ਬਾਰੇ ਗੱਲ ਕਰ ਰਿਹਾ ਹੈ।
ਵਿਦੇਸ਼ ਮੰਤਰੀ ਨੇ ਕਿਹਾ, ‘‘ਅਸੀਂ ਅਸਲ ’ਚ ਕੈਨੇਡੀਆਈ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਲਗਾਤਾਰ ਕਹਿੰਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਕੈਨੇਡਾ ਤੋਂ ਸੰਚਾਲਿਤ ਸੰਗਠਤ ਅਪਰਾਧ ਦੇ ਸਰਗਣੇ ਬਾਰੇ ਕਾਫ਼ੀ ਸੂਚਨਾ ਦਿਤੀ ਹੈ। ਵੱਡੀ ਗਿਣਤੀ ’ਚ ਸਪੁਰਦਗੀ ਦੀਆਂ ਅਪੀਲਾਂ ਕੀਤੀਆਂ ਗਈਆਂ। ਅਤਿਵਾਦੀ ਆਗੂਆਂ ਦੀ ਪਛਾਣ ਕੀਤੀ ਗਈ।’’ ਉਨ੍ਹਾਂ ਕਿਹਾ ਕਿ ਤੁਹਾਨੂੰ ਸਮਝਣਾ ਹੋਵੇਗਾ ਕਿ ‘ਉੱਥੇ ਇਕ ਤਰ੍ਹਾਂ ਦਾ ਮਾਹੌਲ ਹੈ।’
ਜੈਸ਼ੰਕਰ ਨੇ ਕਿਹਾ, ‘‘ਜੇਕਰ ਤੁਹਾਨੂੰ ਇਹ ਸਮਝਣਾ ਹੈ ਕਿ ਉੱਥੇ ਕੀ ਚਲ ਰਿਹਾ ਹੈ ਤਾਂ ਇਸ ਨੂੰ ਧਿਆਨ ’ਚ ਰਖਣਾ ਮਹੱਤਵਪੂਰਨ ਹੈ। ਸਾਡੀ ਚਿੰਤਾ ਇਹ ਹੈ ਕਿ ਸਿਆਸੀ ਕਾਰਨਾਂ ਕਾਰਨ ਇਸ ਦੀ ਅਣਦੇਖੀ ਕੀਤੀ ਗਈ ਹੈ। ਸਾਡੀ ਸਥਿਤੀ ਇਹ ਹੈ ਕਿ ਸਾਡੇ ਸਫ਼ੀਰਾਂ ਨੂੰ ਧਮਕਾਇਆ ਜਾਂਦਾ ਹੈ, ਸਾਡੇ ਸਫ਼ਾਰਤਖ਼ਾਨਿਆਂ ’ਤੇ ਹਮਲਾ ਕੀਤਾ ਗਿਆ ਅਤੇ ਅਕਸਰ ਟਿਪਣੀਆਂ ਕੀਤੀਆਂ ਜਾਂਦੀਆਂ ਹਨ ਕਿ ‘ਸਾਡੀ ਸਿਆਸਤ ’ਚ ਦਖ਼ਲਅੰਦਾਜ਼ੀ’ ਹੈ। ਇਸ ’ਚ ਬਹੁਤ ਕੁਝ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਲੋਕਤੰਤਰ ਇਸੇ ਤਰ੍ਹਾਂ ਕੰਮ ਕਰਦਾ ਹੈ।’’
ਜਸਟਰ ਵਲੋਂ ਪੁੱਛੇ ਜਾਣ ’ਤੇ ਕਿ ਜੇਕਰ ਭਾਰਤ ਸਰਕਾਰ ਨੂੰ ਸਪੱਸ਼ਟ ਸਬੂਤ ਮੁਹਈਆ ਕਰਵਾਏ ਜਾਂਦੇ ਹਨ ਤਾਂ ਕੀ ਉਹ ਕੈਨੇਡਾ ਨਾਲ ਸਹਿਯੋਗ ਕਰੇਗਾ, ਇਸ ’ਤੇ ਜੈਸ਼ੰਕਰ ਨੇ ਕਿਹਾ, ‘‘ਜੇਕਰ ਕੋਈ ਮੈਨੂੰ ਕੁਝ ਸਪੱਸ਼ਟ ਸੂਚਨਾ ਦਿੰਦਾ ਹੈ ਤਾਂ ਇਸ ਨੂੰ ਕੈਨੇਡਾ ਤਕ ਸੀਮਤ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਕੋਈ ਅਜਿਹੀ ਘਟਨਾ ਹੈ ਜੋ ਇਕ ਮੁੱਦਾ ਹੈ ਅਤੇ ਕੋਈ ਮੈਨੂੰ ਕੁਝ ਵਿਸ਼ੇਸ਼ ਜਾਣਕਾਰੀ ਦਿੰਦਾ ਹੈ ਤਾਂ ਇਕ ਸਰਕਾਰ ਦੇ ਤੌਰ ’ਤੇ ਮੈਂ ਉਸ ’ਤੇ ਵਿਚਾਰ ਕਰਾਂਗਾ। ਜ਼ਾਹਰ ਤੌਰ ’ਤੇ ਮੈਂ ਉਸ ’ਤੇ ਗੌਰ ਕਰਾਂਗਾ।’’
ਟਰੂਡੋ ਵਲੋਂ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਇਕ ਗੁਰਦੁਆਰੇ ਦੇ ਬਾਹਰ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਪੈਦਾ ਹੋ ਗਿਆ ਹੈ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨ ਕੀਤਾ ਸੀ।
ਜੈਸ਼ੰਕਰ ਨੂੰ ਕੈਨੇਡਾ ਵਲੋਂ ਭਾਰਤ ਨੂੰ ਅਜਿਹੇ ਦਸਤਾਵੇਜ਼ ਮੁਹੱਈਆ ਕਰਵਾਉਣ ਬਾਰੇ ਪੁਛਿਆ ਗਿਆ ਜੋ ਕਥਿਤ ਤੌਰ ’ਤੇ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਕੈਨੇਡਾ ’ਚ ਭਾਰਤੀ ਅਧਿਕਾਰੀ ਨਿੱਝਰ ’ਤੇ ਹੋਏ ਹਮਲੇ ਤੋਂ ਜਾਣੂ ਸਨ। ਜੈਸ਼ੰਕਰ ਨੇ ਪੁਛਿਆ, ‘‘ਕੀ ਤੁਸੀਂ ਕਹਿ ਰਹੇ ਹੋ ਕਿ ਕੈਨੇਡੀਅਨ ਅਧਿਕਾਰੀਆਂ ਨੇ ਸਾਨੂੰ ਦਸਤਾਵੇਜ਼ ਦਿਤੇ ਹਨ?’’ ਉਨ੍ਹਾਂ ਕਿਹਾ, ‘‘ਮੈਂ ਕਿਹਾ ਹੈ ਕਿ ਜੇਕਰ ਕੋਈ ਸਾਨੂੰ ਸਪੱਸ਼ਟ ਜਾਂ ਪ੍ਰਾਸੰਗਿਕ ਜਾਣਕਾਰੀ ਦਿੰਦਾ ਹੈ, ਤਾਂ ਅਸੀਂ ਇਸ ’ਤੇ ਵਿਚਾਰ ਕਰਨ ਲਈ ਤਿਆਰ ਹਾਂ।’’
ਜਦੋਂ ਉਨ੍ਹਾਂ ਨੂੰ ਦੁਬਾਰਾ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕੈਨੇਡਾ ਤੋਂ ਭਾਰਤੀ ਅਧਿਕਾਰੀਆਂ ਵਿਚਾਲੇ ਗੱਲਬਾਤ ਬਾਰੇ ਜਾਣਕਾਰੀ ਨਹੀਂ ਮਿਲੀ ਤਾਂ ਜੈਸ਼ੰਕਰ ਨੇ ਕਿਹਾ, ‘‘ਜੇ ਮੈਨੂੰ ਇਹ ਮਿਲੀ ਹੁੰਦੀ, ਤਾਂ ਕੀ ਮੈਂ ਉਨ੍ਹਾਂ ’ਤੇ ਵਿਚਾਰ ਨਾ ਕਰਦਾ?’’
ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਅਪਣੇ ਸੰਬੋਧਨ ’ਚ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਅਤਿਵਾਦ, ਕੱਟੜਪੰਥ ਅਤੇ ਹਿੰਸਾ ’ਤੇ ਅਪਣੀ ਪ੍ਰਤੀਕਿਰਿਆ ਦਾ ਫੈਸਲਾ ਕਰਨ ’ਚ ‘ਸਿਆਸੀ ਸਹੂਲਤ’ ਨੂੰ ਰੁਕਾਵਟ ਨਾ ਬਣਨ ਦੇਣ ਦੀ ਅਪੀਲ ਕੀਤੀ ਸੀ। ਇਹ ਬਿਆਨ ਇਕ ਖਾਲਿਸਤਾਨੀ ਵੱਖਵਾਦੀ ਦੇ ਕਤਲ ਨੂੰ ਲੈ ਕੇ ਚੱਲ ਰਹੇ ਕੂਟਨੀਤਕ ਰੁਕਾਵਟ ਵਿਚਕਾਰ ਕੈਨੇਡਾ ’ਤੇ ਇਕ ਅਸਿੱਧਾ ਹਮਲਾ ਜਾਪਦਾ ਹੈ।
ਟਰੂਡੋ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਦੋਸ਼’ ਲਗਾਉਣ ਲਈ ਹਫ਼ਤੇ ਪਹਿਲਾਂ ਭਾਰਤ ਨਾਲ ਸਬੂਤ ਸਾਂਝੇ ਕੀਤੇ ਸਨ ਅਤੇ ਕੈਨੇਡਾ ਚਾਹੁੰਦਾ ਹੈ ਕਿ ਨਵੀਂ ਦਿੱਲੀ ਇਸ ਗੰਭੀਰ ਮੁੱਦੇ ’ਤੇ ਤੱਥਾਂ ਦੀ ਤਹਿ ਤਕ ਜਾਣ ਲਈ ਔਟਵਾ ਨਾਲ ‘ਵਚਨਬੱਧਤਾ ਨਾਲ ਕੰਮ’ ਕਰੇ।