
ਕੈਪਟਨ ਦੀ ਇਸ ਬਾਜ਼ੀ ਨੇ ਕੁਝ ਕਾਂਗਰਸੀਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਅਪਣੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਇਸ ਵਿਚ ਉਹ ਸਾਬਕਾ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਸੂਚੀ ਮੁੱਖ ਮੰਤਰੀ ਨੂੰ ਸੌਂਪਣਗੇ। ਖਾਸ ਤੌਰ 'ਤੇ ਜਿਹੜੇ ਲੋਕ ਪਿਛਲੀ ਸਰਕਾਰ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਸਨ। ਇਸ ਵਿਚ 6 ਮੰਤਰੀਆਂ ਦੇ ਨਾਂਅ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਕੈਪਟਨ ਸ਼ਰਾਬ ਦਾ L1 ਦਾ ਠੇਕਾ ਲੈਣ ਵਾਲੇ ਵਿਅਕਤੀ ਦਾ ਵੀ ਪਰਦਾਫਾਸ਼ ਕਰ ਸਕਦੇ ਹਨ। ਕੈਪਟਨ ਦੀ ਇਸ ਬਾਜ਼ੀ ਨੇ ਕੁਝ ਕਾਂਗਰਸੀਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਕੈਪਟਨ ਸੰਸਦ ਮੈਂਬਰ ਆਪਣੀ ਪਤਨੀ ਸਮੇਤ ਮੁੱਖ ਮੰਤਰੀ ਨੂੰ ਮਿਲਣਗੇ। ਪਟਿਆਲਾ ਵਿਚ ਕੁਝ ਵਿਕਾਸ ਫੰਡ ਰੋਕੇ ਗਏ ਹਨ, ਇਸ ਬਾਰੇ ਦੱਸਣਗੇ। ਸਾਡੇ ਕੁਝ ਪੁਰਾਣੇ ਦੋਸਤ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕਰਨ ਦੀ ਮੰਗ ਕਰ ਰਹੇ ਹਨ। ਕੈਪਟਨ ਉੱਥੇ ਨਾਮ ਜ਼ਰੂਰ ਦੱਸਣਗੇ। ਕਿਸ ਨੇ ਨਾਜਾਇਜ਼ ਮਾਈਨਿੰਗ ਕੀਤੀ, ਕਿਸ ਨੇ ਲੁੱਟਿਆ ਪੰਜਾਬ? ਕੈਪਟਨ ਨੇ ਹਾਈਕਮਾਂਡ ਨੂੰ ਨਾਂਅ ਵੀ ਦਿੱਤੇ। ਉਹਨਾਂ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੈਪਟਨ ਨੂੰ ਹਟਾ ਦਿੱਤਾ। ਕੈਪਟਨ ਉਹਨਾਂ ਨੂੰ ਮੰਤਰੀ ਮੰਡਲ ਤੋਂ ਹਟਾਉਣਾ ਚਾਹੁੰਦੇ ਸਨ। ਪਹਿਲਾਂ ਦੋਸਤ ਚੰਗੇ ਸਨ, ਹੁਣ ਦੁਸ਼ਮਣੀ ਵੀ ਚੰਗੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹਨਾਂ ਕੋਲ ਰੇਤ ਦੀ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਵਾਂ ਦੀ ਸੂਚੀ ਹੈ। ਜੇਕਰ ਸੀਐਮ ਭਗਵੰਤ ਮਾਨ ਪੁੱਛਣਗੇ ਤਾਂ ਉਹ ਪੂਰੀ ਸੂਚੀ ਜ਼ਰੂਰ ਸੌਂਪ ਦੇਣਗੇ। ਕੈਪਟਨ ਦਾ ਇਹ ਬਿਆਨ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਭ੍ਰਿਸ਼ਟ ਮੰਤਰੀਆਂ ਦੇ ਨਾਂਅ ਦੱਸਣ ਤੋਂ ਬਾਅਦ ਆਇਆ ਹੈ।