ਕਿਹਾ, ਮੇਰੀ ਕੋਈ ਵਿਅਕਤੀਗਤ ਇੱਛਾ ਨਹੀਂ, ਸਾਰਿਆਂ ਨੂੰ ਇਕਜੁਟ ਕਰਨਾ ਚਾਹੁੰਦਾ ਹਾਂ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ’ (ਇੰਡੀਆ) ਦਾ ਕਨਵੀਨਰ ਬਣਾਏ ਜਾਣ ਸਬੰਧੀ ਕਿਆਫ਼ਿਆਂ ਨੂੰ ਖ਼ਾਰਜ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੋਈ ਵਿਅਕਤੀਗਤ ਇੱਛਾ ਨਹੀਂ ਹੈ ਅਤੇ ਉਹ ਸਾਰਿਆਂ ਨੂੰ ਇਕਜੁਟ ਕਰਨਾ ਚਾਹੁੰਦੇ ਹਨ।
ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸੇ ਹੋਰ ਨੂੰ ਵਿਰੋਧੀ ਗਠਜੜ ਦਾ ਕਨਵੀਨਰ ਬਣਾਇਆ ਜਾਵੇ। ਜਨਤਾ ਦਲ (ਯੂ) ਦੇ ਸਿਖਰਲੇ ਆਗੂ ਨਿਤੀਸ਼ ਤੋਂ ਪੁਛਿਆ ਗਿਆ ਸੀ ਕਿ ਕੀ ਮੁੰਬਈ ’ਚ ਵਿਰੋਧੀ ਗਠਜੋੜ ਦੀ ਆਗਾਮੀ ਬੈਠਕ ’ਚ ਉਨ੍ਹਾਂ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦਾ ਕਨਵੀਨਰ ਬਣਾਇਆ ਜਾ ਸਕਦਾ ਹੈ?
ਉਨ੍ਹਾਂ ਕਿਹਾ, ‘‘ਸਾਨੂੰ ਕੁਝ ਨਹੀਂ ਬਣਨਾ। ਅਸੀਂ ਇਹ ਲਗਾਤਾਰ ਕਹਿੰਦੇ ਰਹੇ ਹਾਂ। ਕਨਵੀਨਰ ਦੂਜੇ ਲੋਕਾਂ ਨੂੰ ਬਣਾਇਆ ਜਾਵੇਗਾ। ਸਾਡੀ ਕੋਈ ਇੱਛਾ ਨਹੀਂ ਹੈ। ਅਸੀਂ ਸਾਰਿਆਂ ਨੂੰ ਇਕਜੁਟ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਸਾਰਿਆਂ ਦਾ ਹਿਤ ਚਾਹੁੰਦੇ ਹਾਂ ਇਸ ਲਈ ਇਹ ਕਦੀ ਨਾ ਸੋਚੋ ਕਿ ਅਸੀਂ ਲੋਕ ਕੁਝ ਚਾਹੁੰਦੇ ਹਾਂ। ਅਸੀਂ ਸਾਰਿਆਂ ਨੂੰ ਇਕਜੁਟ ਕਰ ਰਹੇ ਹਾਂ।’’
ਵੱਖ-ਵੱਖ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ ’ਚ ਅਗਲੀ ਮੀਟਿੰਗ ਦੌਰਾਨ ਕੁਝ ਹੋਰ ਸਿਆਸੀ ਪਾਰਟੀਆਂ ਦੇ ਵਿਰੋਧੀ ਗਠਜੋੜ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਨ੍ਹਾਂ ਪਾਰਟੀਆਂ ਦੇ ਨਾਵਾਂ ਦਾ ਪ੍ਰਗਟਾਵਾ ਨਹੀਂ ਕੀਤਾ।
ਨਿਤੀਸ਼ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਗਠਜੋੜ ਦੀ ਮੁੰਬਈ ਬੈਠਕ ’ਚ ਸੀਟਾਂ ਦੀ ਵੰਡ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਕਈ ਹੋਰ ਏਜੰਡੇ ਨੂੰ ਵੀ ਅੰਤਿਮ ਰੂਪ ਦਿਤਾ ਜਾਵੇਗਾ।
ਭਾਰਤ, ਕੇਂਦਰ ’ਚ ਸੱਤਾਧਾਰੀ ਭਾਜਪਾ ਨਾਲ ਸਾਂਝੇ ਤੌਰ ’ਤੇ ਮੁਕਾਬਲਾ ਕਰਨ ਲਈ ਗਠਿਤ 26-ਪਾਰਟੀ ਵਿਰੋਧੀ ਗਠਜੋੜ, ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਦੋ ਵਾਰ ਮੀਟਿੰਗ ਕਰ ਚੁਕਾ ਹੈ। ਇਸ ਗਠਜੋੜ ਦੀ ਪਹਿਲੀ ਮੀਟਿੰਗ 23 ਜੂਨ ਨੂੰ ਪਟਨਾ ਅਤੇ ਫਿਰ 17 ਜੁਲਾਈ ਨੂੰ ਬੈਂਗਲੁਰੂ ’ਚ ਸੱਦੀ ਗਈ ਸੀ। ਤੀਜੀ ਮੀਟਿੰਗ 31 ਅਗੱਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਹੋਵੇਗੀ।