
ਮਾਨ ਸਾਬ੍ਹ, ਹੁਣ ਬਿਜਲੀ ਸਮਝੌਤੇ ਰੱਦ ਕਰ ਦੇ ਦਿਖਾਓ - ਰਾਜਾ ਵੜਿੰਗ
ਮਾਨ ਸਾਬ੍ਹ ਨੀਰੋ ਨਾ ਬਣੋ, ਲੋਕਾਂ ਦੀ ਸਾਰ ਲਓ - ਸੁਭਾਸ਼ ਸ਼ਰਮਾ
ਚੰਡੀਗੜ੍ਹ : ਪੰਜਾਬ ਵਿਚ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਉਵੇਂ ਹੀ ਬਿਜਲੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਰੇ ਮਸਲੇ 'ਤੇ ਵਿਰੋਧੀਆਂ ਵਲੋਂ ਲਗਾਤਾਰ ਸੂਬੇ ਦੀ ਮੌਜੂਦਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।
Raja Warring
ਇਸ ਬਾਰੇ ਬੋਲਦਿਆਂ ਜਿਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਜਲੀ ਸਮਝੌਤੇ ਰੱਦ ਕਰਨ ਬਾਰੇ ਮੁੱਖ ਮੰਤਰੀ 'ਤੇ ਵਿਅੰਗ ਕੀਤਾ ਉਥੇ ਹੀ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਿਥੇ ਪੰਜਾਬ ਦੇ ਲੋਕ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਹਨ ਪਰ ਮਾਨ ਸਰਕਾਰ ਸੱਤਾ ਦੇ ਨਸ਼ੇ ਵਿਚ ਡੁੱਬੀ ਹੋਈ ਹੈ।
Raja Warring
ਇਸ ਬਾਰੇ ਟਵੀਟ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, ''ਮਾਨ ਸਾਬ੍ਹ ਦਿਖਾਓ ਹੁਣ ਅਪਣਾ ਤਜਰਬਾ ਅਤੇ ਕਰ ਦਿਓ ਬਿਜਲੀ ਸਮਝੌਤੇ ਰੱਦ। ਦਿੱਲੀ ਨਾਲ MOU ਸਾਈਨ ਕਰਨ ਤੋਂ ਬਾਅਦ ਹੁਣ ਤਾਂ ਉਹ ਵੀ ਤੁਹਾਡੇ ਨਾਲ ਹਨ।''
Subhash Sharma, Bhagwant mann
ਇਸ ਤਰ੍ਹਾਂ ਹੀ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਾਬ੍ਹ ਦੱਸਣ ਕਿ ਉਨ੍ਹਾਂ ਨੇ ਪੰਜਾਬ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜਾਂ ਫਿਰ ਪੰਜਾਬ ਨੂੰ ਬਿਜਲੀ ਮੁਕਤ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਤੋਂ ਜਨਤਾ ਬੇਹਾਲ ਹੈ ਪਰ ਮੁੱਖ ਮੰਤਰੀ ਅਤੇ ਪੂਰੀ ਸਰਕਾਰ ਸੱਤਾ ਦੇ ਨਸ਼ੇ ਵਿਚ ਡੁੱਬੀ ਹੋਈ ਹੈ। ਤਿੱਖਾ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ, ਮਾਨ ਸਾਬ੍ਹ ਨੀਰੋ ਨਾ ਬਣੋ, ਸਿਆਸੀ ਸੈਰ ਸਪਾਟੇ ਬੰਦ ਕਰ ਕੇ ਜਨਤਾ ਦੀ ਸਾਰ ਲਓ।''