
ਕਿਹਾ- ਪੰਜਾਬ ਸਰਕਾਰ ਮੱਤੇਵਾੜਾ ਦੇ ਜੰਗਲਾ ਸਮੇਤ 1000 ਏਕੜ ਜਮੀਨ ਕਾਰਪੋਰੇਟ ਘਰਾਣੇ ਨੂੰ ਦੇ ਚੁੱਕੀ ਹੈ ਜਦਕਿ ਪਹਿਲਾ ਮਗਰਮੱਛ ਦੇ ਹੰਝੂ ਵਹਾਏ ਜਾਦੇ ਸੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਆਮ ਆਦਮੀ ਪਾਰਟੀ ਦੇ ਪਹਿਲੇ ਬਜਟ ਨੂੰ ਸੁਫਨਿਆ ਦਾ ਬਜਟ ਦੱਸਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਦਿਨੀਂ 2022- 23 ਦੇ ਬਜਟ 'ਚ ਮੁੱਖ ਚੋਣ ਵਾਅਦਿਆਂ ਵਾਸਤੇ ਫੰਡ ਰਾਖਵੇਂ ਨਾ ਰੱਖ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ, ਕੇਵਲ ਇਹੀ ਨਹੀਂ ਬਲਕਿ ਉਹਨਾਂ ਮਹਿਲਾ ਵੋਟਰਾਂ ਨਾਲ ਵੀ ਧੋਖਾ ਕੀਤਾ ਹੈ, ਜਿਹਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਇਥੇ ਹੀ ਬੱਸ ਨਹੀਂ ਬਲਕਿ ਸਰਕਾਰ ਤਾਂ 300 ਪ੍ਰਤੀ ਯੁਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਲਈ ਯੋਜਨਾ ਦਾ ਖਾਕਾ ਪੇਸ਼ ਕਰਨ 'ਚ ਵੀ ਨਾਕਾਮ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਵਲ ਦਿੱਲੀ ਦਾ ਮਾਡਲ ਪੰਜਾਬ ਸਿਰ ਮੜ੍ਹਨ 'ਤੇ ਲੱਗੇ ਹਨ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਨਿਖੇਧੀ ਕਰਦਾ ਹੈ। ਉਹਨਾਂ ਕਿਹਾ ਕਿ ਜੋ ਗਰੰਟੀਆ ਤੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸੀ ਉਹ ਸਰਕਾਰ ਬਨਣ ਤੋ ਬਾਅਦ ਸੁਪਨਿਆ ਵਿੱਚ ਹੀ ਪੂਰੇ ਹੁੰਦੇ ਨਜਰ ਆ ਰਹੇ ਹਨ । ਇਸੇ ਦੌਰਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਦੇ ਸਾਰੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਪੇਸ਼ ਕੀਤੇ ਮਤੇ ਦਾ ਵਿਰੋਧ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਵਿਭਾਗਾਂ ਦੇ ਰਲੇਵੇਂ ਦੇ ਨਾਂ 'ਤੇ ਅਸਾਮੀਆਂ ਖ਼ਤਮ ਕੀਤੀਆਂ ਜਾਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ 7ਵੇਂ ਤਨਖ਼ਾਹ ਕਮਿਸ਼ਨ ਦੇ ਅਨੁਸਾਰ ਤਨਖ਼ਾਹ ਦਿੱਤੀ ਜਾਵੇ, ਇਸ ਦੇ ਨਾਲ ਹੀ ਸਾਰੇ ਠੇਕੇ 'ਤੇ ਰੱਖੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਜਲਦ ਰੈਗੂਲਰ ਕੀਤਾ ਜਾਵੇ। ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਮੱਤੇਵਾੜਾ ਦੇ ਜੰਗਲਾ ਸਮੇਤ ਜਿਸ ਜਮੀਨ ਨੂੰ ਕਾਰਪੋਰੇਟ ਘਰਾਣਿਆ ਨੂੰ ਨਾ ਦੇਣ ਦਾ ਰੋਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਇਹ 1000 ਏਕੜ ਜਮੀਨ ਭਾਰਤ ਸਰਕਾਰ ਤੇ ਕਾਰਪੋਰੇਟ ਸੈਕਟਰ ਨੂੰ ਕੋਡੀਆਂ ਦੇ ਭਾਅ ਆਪ ਐਕਵਾਇਰ ਕਰ ਕੇ ਦੇ ਦਿੱਤੀ ਹੈ ਪਹਿਲਾ ਇਸ ’ਤੇ ਮਗਰਮੱਛ ਦੇ ਹੰਝੂ ਵਹਾਏ ਜਾਦੇ ਰਹੇ ਹਨ ।