
ਕਿਹਾ- ਇਸ ਉਲਝਣ ਵਿਚ ਆਉਣ ਦਾ ਕੋਈ ਮਤਲਬ ਨਹੀਂ ਹੈ ਕਿ ਉਹ ਆਦਮੀ ਹੈ ਜਾਂ ਔਰਤ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿਚ ਆਪਣੀ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਹਿਣ ਦੇ ਵਿਵਾਦ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੋਈ ਵੀ ਸੰਵਿਧਾਨਕ ਅਹੁਦਾ ਸੰਭਾਲਣ ਵਾਲਾ ਕੋਈ ਵੀ ਵਿਅਕਤੀ ਬਰਾਬਰ ਦਾ ਸਨਮਾਨਯੋਗ ਹੈ। ਇਸ ਉਲਝਣ ਵਿਚ ਆਉਣ ਦਾ ਕੋਈ ਮਤਲਬ ਨਹੀਂ ਹੈ ਕਿ ਉਹ ਆਦਮੀ ਹੈ ਜਾਂ ਔਰਤ।
ਸਾਬਕਾ ਕੇਂਦਰੀ ਮੰਤਰੀ ਤਿਵਾੜੀ ਨੇ ਟਵੀਟ ਕੀਤਾ, "ਭਾਵੇਂ ਮਰਦ ਹੋਵੇ ਜਾਂ ਔਰਤ, ਸੰਵਿਧਾਨਕ ਅਹੁਦਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਬਰਾਬਰ ਸਨਮਾਨ ਕੀਤਾ ਜਾਂਦਾ ਹੈ। ਉਸ ਨੂੰ ਸਨਮਾਨ ਦੇਣਾ ਚਾਹੀਦਾ ਹੈ ਅਤੇ ਸੰਸਥਾ ਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ”। ਉਹਨਾਂ ਕਿਹਾ, “ਇਕ ਅਹੁਦਾ ਸੰਭਾਲਣ ਵਾਲਾ ਵਿਅਕਤੀ ਉਸ ਅਹੁਦੇ ਦੇ ਅਨੁਸਾਰੀ ਹੋ ਜਾਂਦਾ ਹੈ। ਇਸ ਉਲਝਣ ਵਿਚ ਪੈਣ ਦਾ ਕੋਈ ਮਤਲਬ ਨਹੀਂ ਕਿ ਉਹ ਵਿਅਕਤੀ ਔਰਤ ਹੈ ਜਾਂ ਮਰਦ।”
ਭਾਰਤੀ ਜਨਤਾ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਨੇ ਵੀਰਵਾਰ ਨੂੰ ਚੌਧਰੀ ਵੱਲੋਂ ਰਾਸ਼ਟਰਪਤੀ ਨੂੰ "ਰਾਸ਼ਟਰੀਪਤਨੀ" ਵਜੋਂ ਸੰਬੋਧਨ ਕਰਨ 'ਤੇ ਇਕ ਦੂਜੇ 'ਤੇ ਤਿੱਖੇ ਹਮਲੇ ਕੀਤੇ। ਭਾਜਪਾ ਨੇ ਕਾਂਗਰਸ ਨੂੰ 'ਆਦੀਵਾਸੀ ਵਿਰੋਧੀ, ਔਰਤਾਂ ਵਿਰੋਧੀ ਅਤੇ ਗਰੀਬ ਵਿਰੋਧੀ' ਕਰਾਰ ਦਿੰਦਿਆਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਕਾਂਗਰਸ ਨੇ ਦਾਅਵਾ ਕੀਤਾ ਕਿ ਲੋਕ ਸਭਾ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਭਾਜਪਾ ਦੇ ਕਈ ਨੇਤਾਵਾਂ ਨੇ ਸੋਨੀਆ ਗਾਂਧੀ ਨਾਲ ਅਪਮਾਨਜਨਕ ਵਿਵਹਾਰ ਕੀਤਾ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਚੌਧਰੀ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੇ ਮੂੰਹੋਂ ਗਲਤੀ ਨਾਲ ਇਕ ਸ਼ਬਦ ਨਿਕਲ ਗਿਆ। ਭਾਜਪਾ ਰਾਈ ਦਾ ਪਹਾੜ ਬਣਾ ਰਹੀ ਹੈ। ਭਾਜਪਾ 'ਤੇ ਵਿਅੰਗ ਕਰਦਿਆਂ ਉਹਨਾਂ ਕਿਹਾ ਕਿ ਉਹ ਰਾਸ਼ਟਰਪਤੀ ਮੁਰਮੂ ਨੂੰ ਮਿਲ ਕੇ ਮੁਆਫੀ ਮੰਗਣਗੇ, ਪਰ ਇਹਨਾਂ 'ਪਖੰਡੀਆਂ' ਤੋਂ ਮੁਆਫੀ ਨਹੀਂ ਮੰਗ ਸਕਦੇ।