
'ਮੋਦੀ ਦੇਸ਼ ਨੂੰ ਬਰਬਾਦ ਕਰ ਦੇਣਗੇ'
ਕਰਨਾਟਕ ਵਿਚ ਸਿਧਾਰਮਈਆ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਖੇਡਿਆ ਗਿਆ ਲਿੰਗਾਯਤ ਕਾਰਡ ਬੇਸ਼ੱਕ ਭਾਜਪਾ ਲਈ ਪ੍ਰੇਸ਼ਾਨੀ ਬਣ ਗਿਆ ਹੈ ਪਰ ਉਸ ਤੋਂ ਵੱਡੀ ਮੁਸੀਬਤ ਭਾਜਪਾ ਲਈ ਹਿੰਦੀ ਦਾ ਕੰਨੜ ਅਨੁਵਾਦ ਕਰਨ ਵਾਲੇ ਨੇਤਾ ਬਣ ਗਏ ਹਨ। ਤਾਜ਼ਾ ਮਾਮਲਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦਾ ਹੈ। ਰੈਲੀ ਵਿਚ ਅਮਿਤ ਸ਼ਾਹ ਨੇ ਸਿਧਾਰਮਈਆ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ, 'ਸਿਧਾਰਮਈਆ ਸਰਕਾਰ ਕਰਨਾਟਕ ਦਾ ਵਿਕਾਸ ਨਹੀਂ ਕਰ ਸਕੀ, ਤੁਸੀਂ ਮੋਦੀ 'ਤੇ ਵਿਸ਼ਵਾਸ ਕਰ ਕੇ ਯੇਦੀਯੁਰੱਪਾ ਨੂੰ ਵੋਟ ਪਾਉ, ਅਸੀਂ ਕਰਨਾਟਕ ਨੂੰ ਦੇਸ਼ ਦਾ ਨੰਬਰ ਇਕ ਰਾਜ ਬਣਾ ਦੇਵਾਂਗੇ।' ਅਮਿਤ ਸ਼ਾਹ ਦੇ ਇਸ ਬਿਆਨ ਦਾ ਮੌਜੂ ਤਦ ਬਣਿਆ ਜਦ ਭਾਜਪਾ ਸੰਸਦ ਮੈਂਬਰ ਪ੍ਰਹਿਲਾਦ ਜੋਸ਼ੀ ਨੇ ਇਸ ਦਾ ਕੰਨੜ ਵਿਚ ਗ਼ਲਤ ਅਨੁਵਾਦ ਕਰ ਦਿਤਾ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ਼ਰੀਬਾਂ, ਦਲਿਤਾਂ ਅਤੇ ਪਿਛੜਿਆਂ ਲਈ ਕੁੱਝ ਵੀ ਨਹੀਂ ਕਰਨਗੇ, ਉਹ ਦੇਸ਼ ਨੂੰ ਬਰਬਾਦ ਕਰ ਦੇਣਗੇ, ਤੁਸੀਂ ਉਨ੍ਹਾਂ ਨੂੰ ਵੋਟ ਪਾਇਉ।'
Narendra Modi
ਇਸ ਤੋਂ ਪਹਿਲਾਂ ਫ਼ਰਵਰੀ ਵਿਚ ਪ੍ਰਧਾਨ ਮੰਤਰੀ ਬੰਗਲੌਰ ਵਿਚ ਰੈਲੀ ਕਰਨ ਆਏ ਸਨ। ਤਦ ਰੈਲੀ ਵਿਚ ਆਏ ਬਹੁਤੇ ਲੋਕਾਂ ਨੂੰ ਉਨ੍ਹਾਂ ਦਾ ਹਿੰਦੀ ਵਿਚ ਦਿਤਾ ਭਾਸ਼ਨ ਸਮਝ ਹੀ ਨਾ ਆਇਆ। ਪਿਛਲੀਆਂ ਚੋਣਾਂ ਵਿਚ ਭਾਜਪਾ ਲਈ ਅਨੁਵਾਦ ਦਾ ਕੰਮ ਕਰ ਚੁਕੇ ਕੰਨੜ ਅਨੁਵਾਦਕ ਨੇ ਕਿਹਾ, 'ਇਸ ਵਾਰ ਭਾਜਪਾ ਨੇ ਅਪਣੇ ਨੇਤਾ ਹੀ ਅਨੁਵਾਦਕ ਬਣਾਏ ਹੋਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਸਹੀ ਗੱਲਾਂ ਵੀ ਮਜ਼ਾਕ ਬਣ ਰਹੀਆਂ ਹਨ। ਸ਼ਾਹ ਨੇ ਪੁਛਿਆ-ਤੁਸੀਂ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੋ ਤਾਂ ਲੋਕਾਂ ਨੇ ਕਿਹਾ, 'ਨਹੀਂ': ਚਿਤਰਦੁਰਗ ਵਿਚ ਅਮਿਤ ਸ਼ਾਹ ਨੇ ਅਪਣੇ ਅੱਧੇ ਭਾਸ਼ਨ ਵਿਚ ਅਨੁਵਾਦਕ ਦੀ ਮਦਦ ਲਈ। ਫਿਰ ਅੱਧਾ ਭਾਸ਼ਨ ਉਨ੍ਹਾਂ ਹਿੰਦੀ ਵਿਚ ਦਿਤਾ। ਉਨ੍ਹਾਂ ਜਦ ਹਿੰਦੀ ਵਿਚ ਕੰਨੜ ਲੋਕਾਂ ਨੂੰ ਪੁਛਿਆ ਕਿ ਤੁਸੀਂ ਭਾਜਪਾ ਉਮੀਦਵਾਰ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੋ ਤਾਂ ਲੋਕਾਂ ਨੂੰ ਇਹ ਗੱਲ ਸਮਝ ਨਾ ਆਈ ਤੇ ਉਨ੍ਹਾਂ 'ਨਹੀਂ' ਕਹਿ ਦਿਤਾ।
(ਏਜੰਸੀ)