
ਕਾਂਗਰਸ ਆਗੂ ਵਲੋਂ ਸੰਸਦੀ ਕਮੇਟੀ ਸਾਹਮਣੇ ਹਾਜ਼ਰ ਹੋ ਕੇ ਪੱਖ ਰੱਖਣ ਮਗਰੋਂ ਕੀਤਾ ਗਿਆ ਫੈਸਲਾ
ਨਵੀਂ ਦਿੱਲੀ: ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦੀ ਲੋਕ ਸਭਾ ’ਚ ਕੀਤੀਆਂ ਗਈਆਂ ਕੁਝ ਟਿਪਣੀਆਂ ਅਤੇ ਵਤੀਰੇ ਨੂੰ ਲੈ ਕੇ ਹੇਠਲੇ ਸਦਨ ’ਚ ਕੀਤੀ ਗਈ ਉਨ੍ਹਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੀ ਸਿਫ਼ਾਰਸ਼ ਬਾਬਤ ਮਤੇ ਨੂੰ ਬੁਧਵਾਰ ਨੂੰ ਮਨਜ਼ੂਰੀ ਦੇ ਦਿਤੀ।
ਸੂਤਰਾਂ ਨੇ ਕਿਹਾ ਕਿ ਇਸ ਮਤੇ ਨੂੰ ਛੇਤੀ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਕੋਲ ਵਿਚਾਰ ਲਈ ਭੇਜਿਆ ਜਾਵੇਗਾ। ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਸ ਮਾਮਲੇ ’ਚ ਚੌਧਰੀ ਨੂੰ ਅਪਣਾ ਪੱਖ ਰੱਖਣ ਲਈ ਬੁਧਵਾਰ ਨੂੰ ਸਦਿਆ ਸੀ।
ਇਕ ਸੂਤਰ ਨੇ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਚੌਧਰੀ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਨੀਲ ਸਿੰਘ ਦੀ ਪ੍ਰਧਾਨਗੀ ਵਾਲੀ ਕਮੇਟੀ ਨੂੰ ਦਸਿਆ ਕਿ ਉਨ੍ਹਾਂ ਦਾ ਕਿਸੇ ਦੀ ਭਾਵਨਾ ਨੂੰ ਢਾਹ ਲਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਕਦੇ ਵੀ ਕੋਈ ਮੈਂਬਰ ਅਜਿਹੇ ਕਿਸੇ ਸ਼ਬਦ ਜਾਂ ਵਾਕ ਦਾ ਪ੍ਰਯੋਗ ਕਰਦਾ ਹੈ ਜੋ ਆਸਨ ਨੂੰ ਢੁਕਵੇਂ ਨਹੀਂ ਲਗਦੇ ਤਾਂ ਉਸ ਨੂੰ ਕਾਰਵਾਈ ’ਚੋਂ ਕੱਢ ਦਿਤਾ ਜਾਂਦਾ ਹੈ।
ਉਨ੍ਹਾਂ ਅਨੁਸਾਰ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਉਨ੍ਹਾਂ ਦੇ ਕੁਝ ਸ਼ਬਦਾਂ ਨੂੰ ਵੀ ਕਾਰਵਾਈ ’ਚੋਂ ਕੱਢ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਭਾਵਨਾ ਨੂੰ ਢਾਹ ਨਹੀਂ ਲਾਉਣਾ ਚਾਹੁੰਦੇ ਸਨ ਅਤੇ ਜੇਕਰ ਕਿਸੇ ਦੀ ਭਾਵਨਾ ਨੂੰ ਢਾਹ ਲੱਗੀ ਹੈ ਤਾਂ ਉਹ ਦੁੱਖ ਪ੍ਰਗਟ ਕਰਦੇ ਹਨ।
ਸੂਤਰਾਂ ਨੇ ਕਿਹਾ ਕਿ ਅਧੀਰ ਰੰਜਨ ਚੌਧਰੀ ਦੇ ਅਪਣਾ ਪੱਖ ਰੱਖਣ ਤੋਂ ਬਾਅਦ ਕਮੇਟੀ ਨੇ ਸਦਨ ਦੀ ਕਾਰਵਾਈ ’ਚੋਂ ਉਨ੍ਹਾਂ ਦੀ ਮੁਅੱਤਲੀ ਰੱਦ ਕਰਨ ਦੀ ਸਿਫ਼ਾਰਸ਼ ਬਾਬਤ ਮਤੇ ਨੂੰ ਮਨਜ਼ੂਰੀ ਦੇ ਦਿਤੀ।
ਕਮੇਟੀ ਬਹੁਤ ਛੇਤੀ ਇਸ ਮਤੇ ’ਤੇ ਅਪਣੀ ਸਿਫ਼ਾਰਸ਼ ਲੋਕ ਸਭਾ ਸਪੀਕਰ ਨੂੰ ਭੇਜੇਗੀ। ਇਸ ਬਾਰੇ ਵਿਸ਼ੇਸ਼ ਅਧਿਕਾਰ ਕਮੇਟੀ ਨੇ 18 ਅਗੱਸਤ ਨੂੰ ਵਿਚਾਰ ਕੀਤਾ ਸੀ।
ਕੁਝ ਮੈਂਬਰਾਂ ਨੇ ਇਹ ਵੀ ਵਿਚਾਰ ਪ੍ਰਗਟ ਕੀਤਾ ਕਿ ਮੈਂਬਰ ਨੂੰ (ਮਾਨਸੂਨ) ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਕੇ ਪਹਿਲਾਂ ਹੀ ਸਜ਼ਾ ਦਿੱਤੀ ਜਾ ਚੁੱਕੀ ਹੈ ਅਤੇ ਉਸ ਨੂੰ ਦੁਬਾਰਾ ਸਜ਼ਾ ਦੇਣ ਦਾ ਕੋਈ ਵਾਜਬ ਨਹੀਂ ਹੈ।
ਇਸ ਤੋਂ ਬਾਅਦ, ਕਮੇਟੀ ਨੇ 30 ਅਗਸਤ 2023 ਨੂੰ ਸੰਸਦ ਮੈਂਬਰ (ਅਧੀਰ ਰੰਜਨ ਚੌਧਰੀ) ਨੂੰ ਜ਼ੁਬਾਨੀ ਸਬੂਤ ਲਈ ਬੁਲਾਉਣ ਦਾ ਫੈਸਲਾ ਕੀਤਾ।
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੂੰ 10 ਅਗੱਸਤ ਨੂੰ ਸੰਸਦ ਦੇ ਹਾਲ ਹੀ ’ਚ ਖ਼ਤਮ ਹੋਏ ਮਾਨਸੂਨ ਸੈਸ਼ਨ ’ਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵਿਹਾਰ ਬਾਰੇ ਕੀਤੀਆਂ ਗਈਆਂ ਕੁਝ ਟਿਪਣੀਆਂ ਕਾਰਨ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਇਸ ਦੇ ਨਾਲ ਹੀ ਉਸ ਵਿਰੁਧ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਜਾਂਚ ਲਈ ਭੇਜਿਆ ਗਿਆ ਸੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ’ਚ ਇਸ ਬਾਬਤ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਮਨਜ਼ੂਰੀ ਦੇ ਦਿਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿਤਾ ਸੀ।
ਮਤੇ ਅਨੁਸਾਰ ਕਾਂਗਰਸ ਆਗੂ ਚੌਧਰੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤਕ ਸਦਨ ਦੀ ਕਾਰਵਾਈ ਤੋਂ ਮੁਅੱਤਲ ਰਹਿਣਗੇ।