
ਬਜ਼ੁਰਗ ਦੁਆਰਾ ਖ਼ੁਦਕੁਸ਼ੀ ਕਰਨ ਦਾ ਮਾਮਲਾ
ਅਕਾਲੀ ਦਲ ਦੇ ਆਗੂਆਂ ਨੇ ਅੱਜ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਲਗਾ ਕੇ ਰੋਡ ਜਾਮ ਕੀਤਾ। ਉਹ ਪਿੰਡ ਅਤਾਪੁਰ 'ਚ ਟੈਂਕੀ 'ਤੇ ਚੜ੍ਹ ਕੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇਣ ਵਾਲੇ ਬਜ਼ੁਰਗ ਜਸਵੰਤ ਸਿੰਘ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ। ਧਰਨੇ ਦੌਰਾਨ ਅਕਾਲੀ ਆਗੂਆਂ ਨੇ ਕਾਂਗਰਸ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਅਕਾਲੀ ਆਗੂਆਂ ਦੀਦਾਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਵਰਨ ਸਿੰਘ ਚਨਾਰਥਲ ਤੇ ਹੋਰਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀਆਂ ਵਲੋਂ ਦਬਾਅ ਪਾ ਕੇ ਮ੍ਰਿਤਕ ਦੇ ਪਰਵਾਰਕ ਜੀਆਂ ਨੂੰ ਧੱਕੇ ਨਾਲ ਫ਼ੈਸਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦਕਿ ਬਜ਼ੁਰਗ ਜਸਵੰਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਮਿਲੇ।
Shiromani Akali Dal
ਧਰਨੇ ਮਗਰੋਂ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਅਤੇ ਐਸ.ਡੀ.ਐਮ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਨੂੰ ਮੰਗ ਪੱਤਰ ਦਿਤਾ ਗਿਆ। ਐਸ .ਪੀ . ਡੀ ਹਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਨਦੀਪ ਸਿੰਘ ਪੋਲਾ, ਸਿਕੰਦਰ ਸਿੰਘ ਤਲਵਾੜਾ, ਪ੍ਰੇਮ ਸਿੰਘ ਮਲਕੋਮਾਜਰਾ, ਧਰਮਪਾਲ ਭੜੀ, ਕਰਮਜੀਤ ਸਿੰਘ, ਵਿਕੀ ਚਾਹਲ ਆਦਿ ਮੌਜੂਦ ਸਨ।