
ਨੈਸ਼ਨਲ ਕੌਂਸਲ ਦੀ ਮੀਟਿੰਗ ’ਚ ਦਾਅਵਾ, ਪੰਜਾਬ ਸਰਕਾਰ ਦਾ ਕੰਮ ਨਜ਼ਰ ਆ ਰਿਹਾ ਹੈ
Arvind Kejriwal News : ਆਮ ਆਦਮੀ ਪਾਰਟੀ (ਆਪ) ਦੀ 12ਵੀਂ ਕੌਮੀ ਕੌਂਸਲ ਦੀ ਬੈਠਕ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੂੰ 12 ਸਾਲਾਂ ’ਚ ਬੇਮਿਸਾਲ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ, ‘‘ਅਸੀਂ ਉਹ ਕੀਤਾ ਹੈ ਜੋ ਦੂਜੀਆਂ ਪਾਰਟੀਆਂ 75 ਸਾਲਾਂ ’ਚ ਨਹੀਂ ਕਰ ਸਕੀਆਂ। ਅਸੀਂ ਸਿੱਖਿਆ, ਸਿਹਤ, ਬਿਜਲੀ, ਮਹਿੰਗਾਈ ਅਤੇ ਰੁਜ਼ਗਾਰ ਦੀ ਗੱਲ ਕੀਤੀ, ਜੋ ਕਿਸੇ ਹੋਰ ਪਾਰਟੀ ਨੇ ਕਦੇ ਨਹੀਂ ਕੀਤੀ।’’
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਪੰਜਾਬ ’ਚ ‘ਆਪ’ ਸਰਕਾਰ ਦੇ ਕੰਮ ਦਰਸਾਉਂਦੇ ਹਨ ਕਿ ਜੇਕਰ ਪੂਰਨ ਰਾਜ ਦਾ ਦਰਜਾ ਮਿਲ ਜਾਵੇ ਤਾਂ ਪਾਰਟੀ ਬਹੁਤ ਤੇਜ਼ੀ ਨਾਲ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ’ਚ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦਿਆ ਹੈ, ਅਜਿਹਾ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ। ਦੋ ਸਾਲਾਂ ’ਚ 650 ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ ਅਤੇ ਜਨਵਰੀ ’ਚ ਉਨ੍ਹਾਂ ਦੀ ਗਿਣਤੀ 750 ਹੋ ਜਾਵੇਗੀ। ਪੰਜਾਬ ਨੇ ਸ਼ਰਧਾਲੂਆਂ ਲਈ ਹਵਾਈ ਜਹਾਜ਼ ਬੁੱਕ ਕੀਤੇ ਹਨ, ਹੁਣ ਗਰੀਬ ਲੋਕ ਵੀ ਹਵਾਈ ਜਹਾਜ਼ ਰਾਹੀਂ ਪਟਨਾ ਸਾਹਿਬ, ਵਾਰਾਣਸੀ ਅਤੇ ਨਾਂਦੇੜ ਜਾਣਗੇ।’’
ਉਨ੍ਹਾਂ ਅੱਗੇ ਕਿਹਾ, ‘‘10 ਸਾਲਾਂ ’ਚ ਅਸੀਂ ਕੌਮੀ ਰਾਜਨੀਤੀ ’ਚ ਪ੍ਰਭਾਵਸ਼ਾਲੀ ਅਸਰ ਪਾਇਆ ਹੈ, ਪਹਿਲੀ ਵਾਰ ਵਿਰੋਧੀ ਪਾਰਟੀਆਂ ਨੂੰ ਸਕੂਲ-ਹਸਪਤਾਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਨ੍ਹਾਂ ਲੋਕਾਂ ਨੇ ਸਾਡਾ ਸ਼ਬਦ ‘ਗਾਰੰਟੀ’ ਚੋਰੀ ਕਰ ਲਿਆ ਹੈ, ਹੁਣ ਇਹ ਲੋਕ ਮੋਦੀ ਦੀ ਗਾਰੰਟੀ ਅਤੇ ਕਾਂਗਰਸੀਆਂ ਦੀ ਗਰੰਟੀ ਵੀ ਕਹਿਣ ਲੱਗੇ ਹਨ। ਉਨ੍ਹਾਂ ਨੇ ਗਾਰੰਟੀ ਦਿਤੀ ਹੈ, ਪਰ ਕਿਸੇ ਨੇ ਵੀ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਇਰਾਦੇ ਸਹੀ ਨਹੀਂ ਹਨ, ਜਦਕਿ ਅਸੀਂ ਅਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਮਜ਼ਬੂਤ ਸੰਗਠਨ ਤੋਂ ਬਿਨਾਂ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਇਸ ਲਈ ਹੁਣ ਸਾਨੂੰ ਦੇਸ਼ ਭਰ ’ਚ ਅਪਣਾ ਸੰਗਠਨ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਸਾਨੂੰ ਜੋ ਵੀ ਸੀਟਾਂ ਮਿਲਣਗੀਆਂ, ਅਸੀਂ ਉਸ ’ਤੇ ਚੋਣ ਲੜਾਂਗੇ ਅਤੇ ਸਾਰੀਆਂ ਸੀਟਾਂ ਜਿੱਤਾਂਗੇ।’’
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਰਕਾਰ ਬਣਾਉਣ ਦੇ ਇਰਾਦੇ ਨਾਲ ਪੂਰੀ ਤਾਕਤ ਲਾ ਕੇ ਲੜਨ ਦਾ ਦਮ ਭਰਦਿਆਂ ਉਨ੍ਹਾਂ ਕਿਹਾ ਕਿ ਜੇਲ ’ਚ ਬੰਦ ਸਾਡੇ ਪਾਰਟੀ ਦੇ ਪੰਜ ਆਗੂ ਉਨ੍ਹਾਂ ਦੇ ਨਾਇਕ ਹਨ। ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਸਾਰਿਆਂ ’ਤੇ ਮਾਣ ਹੈ। ਜੇ ਤੁਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਹੋ ਅਤੇ ਗਰੀਬਾਂ ਨੂੰ ਮੁਫਤ ਇਲਾਜ ਦਿੰਦੇ ਹੋ, ਤਾਂ ਸਾਨੂੰ ਜੇਲ੍ਹ ਜਾਣਾ ਪਵੇਗਾ, ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ।’’
(For more Punjabi news apart from Arvind Kejriwal News, stay tuned to Rozana Spokesman)