
17 ਨਵੰਬਰ (ਜਸਪਾਲ ਸਿੰਘ ਸਿੱਧੂ) : ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਨੰਬਰ ਇਕ ਦਾ ਸਥਾਨ ਹਾਸਲ ਕਰਨ ਲਈ ਖਹਿਰਾ ਅਤੇ ਭਗਵੰਤ ਮਾਨ ਵਿਚਾਲੇ ਪੂਰੀ ਜ਼ੋਰ ਅਜ਼ਮਾਇਸ਼ ਚਲ ਰਹੀ ਹੈ
ਭੁੱਚੋ ਮੰਡੀ, 17 ਨਵੰਬਰ (ਜਸਪਾਲ ਸਿੰਘ ਸਿੱਧੂ) : ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਨੰਬਰ ਇਕ ਦਾ ਸਥਾਨ ਹਾਸਲ ਕਰਨ ਲਈ ਖਹਿਰਾ ਅਤੇ ਭਗਵੰਤ ਮਾਨ ਵਿਚਾਲੇ ਪੂਰੀ ਜ਼ੋਰ ਅਜ਼ਮਾਇਸ਼ ਚਲ ਰਹੀ ਹੈ। ਦਿੱਲੀ ਤੋਂ ਬਾਅਦ ਪੰਜਾਬ ਵਿਚ ਸੋਸ਼ਲ ਮੀਡੀਆ ਦੇ ਸਹਾਰੇ ਖੜ੍ਹੀ ਹੋਣ ਵਾਲੀ ਇਸ ਪਾਰਟੀ ਦਾ ਸਹਾਰਾ ਹੁਣ ਵੀ ਸੋਸ਼ਲ ਮੀਡੀਆ ਹੀ ਬਣਿਆ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਬਨਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਹਰ ਮੁੱਦੇ 'ਤੇ ਬੇਬਾਕੀ ਨਾਲ ਅਪਣੇ ਵਿਚਾਰ ਰੱਖੇ।
ਫ਼ਾਜ਼ਿਲਕਾ ਦੀ ਅਦਾਲਤ ਤੋਂ ਸੰਮਨ ਜਾਰੀ ਹੋਣ ਤੋਂ ਬਾਅਦ ਲੋਕਾਂ ਦੀ ਹਮਦਰਦੀ ਖਹਿਰਾ ਨਾਲ ਹੋਰ ਵਧ ਗਈ। ਪਾਰਟੀ ਦੇ ਅੰਦਰੋਂ ਖਹਿਰਾ ਵਿਰੁਧ ਉਠਣ ਵਾਲੀਆਂ ਆਵਾਜ਼ਾਂ ਦਾ ਲੋਕਾਂ ਨੇ ਬੁਰਾ ਮਨਾਇਆ ਇਸ ਨਾਲ ਭਗਵੰਤ ਮਾਨ ਨੇ ਭਾਵੇਂ ਮੀਡੀਆ ਵਿਚ ਖਹਿਰਾ ਦੇ ਹੱਕ 'ਚ ਬਿਆਨ ਵੀ ਜਾਰੀ ਕੀਤਾ ਪਰ ਉਸ ਦਾ ਸੱਜਾ ਹੱਥ ਸਮਝੀ ਜਾਣ ਵਾਲੀ ਵਿਧਾਇਕਾ ਬਲਜਿੰਦਰ ਕੌਰ ਦੀ ਖਹਿਰਾ ਬਾਰੇ ਦਿਤੀ ਪ੍ਰਤੀਕ੍ਰਿਆ ਵੀ ਭਗਵੰਤ ਮਾਨ 'ਤੇ ਉਲਟਾ ਅਸਰ ਛੱਡ ਗਈ। ਵਿਧਾਇਕਾਂ ਵਿਚ ਵੀ ਅਪਣਾ ਅਸਰ ਜਮਾਉਣ ਵਿਚ ਖਹਿਰਾ ਨਾਲੋਂ ਭਗਵੰਤ ਮਾਨ ਪਛੜ ਗਏ। ਅਸਲ ਵਿਚ ਪੰਜਾਬ ਵਿਚ ਬਾਦਲ ਪਰਵਾਰ ਵਿਰੁਧ ਚੱਲੀ ਲਹਿਰ ਅਜੇ ਘਟੀ ਨਹੀਂ ਪਰ ਕੈਪਟਨ ਵਲੋਂ ਮਜੀਠਿਆ ਵਿਰੁਧ ਕੋਈ ਕਾਰਵਾਈ ਨਾ ਕਰਨ ਕਾਰਨ ਲੋਕ ਬਾਦਲ ਦੇ ਬਦਲ ਦੇ ਰੂਪ ਵਿਚ ਖਹਿਰਾ ਵਲ ਵੇਖਣ ਲੱਗ ਪਏ।
ਦੂਜੇ ਪਾਸੇ ਭਗਵੰਤ ਮਾਨ ਪਰਦੇ ਤੋਂ ਬਿਲਕੁੱਲ ਹੀ ਪਾਸੇ ਹੋ ਗਏ। ਸੋਸਲ ਮੀਡੀਆ ਤੇ ਉਨ੍ਹਾਂ ਦੀ ਸਰਗਰਮੀ ਘਟ ਗਈ। ਕਿਸੇ ਸਮੇਂ ਬਾਦਲਾਂ ਵਿਰੁਧ ਬੋਲਣ ਵਾਲੇ ਜਗਮੀਤ ਬਰਾੜ ਅਤੇ ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਖੂਬ ਸਮਰਥਨ ਦਿਤਾ ਸੀ ਪਰ ਬਾਦਲਾਂ ਵਿਰੁਧ ਕੈਪਟਨ ਅਮਰਿੰਦਰ ਸਿੰਘ ਦੇ ਨਰਮੀ ਵਾਲੇ ਵਤੀਰੇ ਤੋਂ ਬਾਅਦ ਲੋਕ ਭਗਵੰਤ ਮਾਨ ਵਲ ਹੋ ਗਏ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਰੈਲੀਆਂ ਵਿਚ ਭੀੜ ਵਧ ਗਈ ਜਿਸ ਨਾਲ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ 4 ਲੋਕ ਸਭਾ ਮੈਂਬਰ ਅਤੇ ਬਾਅਦ ਵਿਚ 20 ਵਿਧਾਇਕ ਬਣੇ। ਪਰ ਹੁਣ ਜਿਸ ਤੇਜੀ ਨਾਲ ਖਹਿਰਾ ਬਾਦਲਾਂ ਅਤੇ ਮਜੀਠਿਆ ਦਾ ਵਿਰੋਧ ਕਰ ਰਹੇ ਹਨ ਉਸ ਕਾਰਨ ਬਾਦਲ ਵਿਰੋਧੀ ਲੋਕ ਖਹਿਰਾ ਵਲ ਝੁਕ ਰਹੇ ਹਨ। ਇਸ ਦਾ ਜਿਆਦਾ ਅਸਰ ਮਾਲਵੇ ਵਿਚ ਹੋ ਰਿਹਾ ਹੈ। ਖਹਿਰਾ ਦੇ ਅੱਗੇ ਆਉਣ ਨਾਲ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਖਾਸ ਕਰ ਕੇ ਸੰਜੇ ਅਤੇ ਦੁਰਗੇਸ ਦਾ ਪੰਜਾਬ 'ਚ ਦਖ਼ਲ ਘਟ ਗਿਆ ਹੈ ਬਲਕਿ ਪੰਜਾਬ ਤੇ ਖੁਦ ਕੇਜਰੀਵਾਲ ਸਿੱਧੀ ਨਜ਼ਰ ਰੱਖ ਰਹੇ ਹਨ। ਵਿਧਾਨ ਸਭਾ ਚੋਣਾਂ ਸਮੇਂ ਭਗਵੰਤ ਮਾਨ, ਸੰਜੇ, ਦੁਰਗੇਸ਼ ਦੀ ਤਿੱਕੜੀ ਦੁਆਰਾ ਲਏ ਗ਼ਲਤ ਫ਼ੈਸਲਿਆਂ ਕਾਰਨ 100 ਸੀਟਾਂ ਦਾ ਦਮ ਭਰਨ ਵਾਲੀ ਪਾਰਟੀ 20 ਸੀਟਾਂ 'ਤੇ ਸਿਮਟ ਗਈ। ਅਜਿਹੀ ਗ਼ਲਤੀ ਨੂੰ ਹੁਣ ਕੇਜਰੀਵਾਲ ਦੁਹਰਾਉਣਾ ਨਹੀਂ ਚਾਹੁੰਦੇ। ਪੰਜਾਬ ਤੋਂ ਬਾਹਰ ਵਸਣ ਵਾਲੇ ਪੰਜਾਬ ਦੇ ਲੋਕਾਂ ਦਾ ਝੁਕਾਅ ਵੀ ਖਹਿਰਾ ਵਲ ਵਧਣ ਕਾਰਨ ਹੁਣ ਕੇਜਰੀਵਾਲ ਵੀ ਖਹਿਰਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ।