
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਕਿ ਔਖੇ ਸੁਧਾਰਾਂ ਮਗਰੋਂ ਅਰਥਵਿਵਸਥਾ ਪਟੜੀ 'ਤੇ ਆ ਰਹੀ ਹੈ ਅਤੇ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਦਾਹੇਜ, 22 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਕਿ ਔਖੇ ਸੁਧਾਰਾਂ ਮਗਰੋਂ ਅਰਥਵਿਵਸਥਾ ਪਟੜੀ 'ਤੇ ਆ ਰਹੀ ਹੈ ਅਤੇ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ, 'ਅਸੀਂ ਸਖ਼ਤ ਫ਼ੈਸਲੇ ਕੀਤੇ ਹਨ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ।'ਗੁਜਰਾਤ ਦੇ ਦਾਹੇਜ ਵਿਚ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਅਰਥਸ਼ਾਸਤਰੀ ਇਸ ਗੱਲ 'ਤੇ ਸਹਿਮਤ ਹਨ ਕਿ ਅਰਥਵਿਸਥਾ ਦੀ ਬੁਨਿਆਦ ਮਜ਼ਬੂਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਵਿਚ ਨਵਾਂ ਕੰਮ ਸਭਿਆਚਾਰ ਪੈਦਾ ਕੀਤਾ ਹੈ ਜੋ ਜਵਾਬਦੇਹ ਅਤੇ ਪਾਰਦਰਸ਼ੀ ਹੈ। ਇਸੇ ਕਾਰਨ ਯੋਜਨਾਵਾਂ 'ਤੇ ਕੰਮ ਹੋ ਰਿਹਾ ਹੈ। ਦੋ ਗੁਣਾਂ ਗਤੀ ਨਾਲ ਸੜਕਾਂ ਬਣ ਰਹੀਆਂ ਹਨ। ਦੋ ਗੁਣਾਂ ਗਤੀ ਨਾਲ ਰੇਲ ਲਾਈਨਾਂ ਬਣ ਰਹੀਆਂ ਹਨ। ਯੋਜਨਾਵਾਂ ਨੂੰ ਸਮੇਂ 'ਤੇ ਪੂਰਾ ਕਰਨ ਲਈ ਡ੍ਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਮੋਦੀ ਨੇ ਕਿਹਾ, 'ਸਰਕਾਰ ਦੇ ਕੰਮ ਸਭਿਆਚਾਰ ਵਿਚ ਬਦਲਾਅ ਆਇਆ ਹੈ। ਅਜਿਹਾ ਸਭਿਆਚਾਰ ਬਣਿਆ ਹੈ ਜੋ ਗ਼ਰੀਬਾਂ ਅਤੇ ਮੱਧ ਵਰਗ ਨੂੰ ਤਕਨੀਕੀ ਮਦਦ ਨਾਲ ਉਨ੍ਹਾਂ ਦਾ ਹੱਕ ਦਿਵਾ ਰਿਹਾ ਹੈ।' ਮੋਦੀ ਨੇ ਕਿਹਾ ਕਿ ਨੋਟਬੰਦੀ ਨੇ ਕਾਲੇ ਧਨ ਨੂੰ ਤਿਜੋਰੀ ਤੋਂ ਬੈਂਕਾਂ ਤਕ ਪਹੁੰਚਾਇਆ ਹੈ ਅਤੇ ਜੀਐਸਟੀ ਨਾਲ ਦੇਸ਼ ਨੂੰ ਨਵਾਂ ਕੰਮ ਸਭਿਆਚਾਰ ਮਿਲਿਆ ਹੈ। ਜੀਐਸਟੀ ਕਾਰਨ ਵਪਾਰੀ ਵਰਗ ਦੀ ਵੱਡੀ ਚਿੰਤਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਵਪਾਰੀ ਡਰਨ ਨਾ। ਜੀਐਸਟੀ ਮਗਰੋਂ ਪੁਰਾਣੇ ਖਾਤਿਆਂ ਦੀ ਜਾਂਚ ਦੇ ਨਾਮ 'ਤੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਈਮਾਨਦਾਰੀ ਦੇ ਦਮ 'ਤੇ ਹੀ ਕਮਾਈ ਕੀਤੀ ਜਾਂਦੀ ਹੈ। ਮੋਦੀ ਰੋ ਰੋ ਫੇਰੀ ਸਰਵਿਸ ਤਹਿਤ ਫੇਰੀ ਵਿਚ ਸਵਾਰ ਹੋ ਕੇ 100 ਵਿਸ਼ੇਸ਼ ਬੱਚਿਆਂ ਨਾਲ ਘੋਘਾ ਤੋਂ ਦਾਹੇਜ ਪਹੁੰਚੇ। ਉਨ੍ਹਾਂ ਲੋਕਾਂ ਨੂੰ ਸੰਬੋਧਿਤ ਕਰਦਿਆਂ ਨਵਾਂ ਮੰਤਰ ਦਿਤਾ, 'ਪੀ ਫ਼ਾਰ ਪੀ।' ਉਨ੍ਹਾਂ ਕਿਹਾ ਕਿ ਸਾਡੇ ਲਈ ਪੀ ਫ਼ਾਰ ਪੀ ਯਾਨੀ ਪੋਰਟ ਫ਼ਾਰ ਪ੍ਰਾਸਪੈਰਿਟੀ ਜਾਂ ਖ਼ੁਸ਼ਹਾਲੀ ਲਈ ਬੰਦਰਗਾਹ। ਮੋਦੀ ਨੇ ਕਿਹਾ ਕਿ ਬੰਗਰਗਾਹਾਂ ਖ਼ੁਸ਼ਹਾਲੀ ਦੀਆਂ ਪ੍ਰਵੇਸ਼ ਦਵਾਰ ਹਨ ਅਤੇ ਸਾਗਰਮਾਲਾ ਪ੍ਰਾਜੈਕਟ 'ਤੇ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ 'ਤੇ ਕਰੀਬ 8 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ 1 ਕਰੋੜ ਨੌਕਰੀਆਂ ਪੈਦਾ ਹੋਣਗੀਆਂ। (ਏਜੰਸੀ)