
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਟਿਪਣੀ ਕਾਰਨ ਅੱਜ ਵੀ ਲੋਕ ਸਭਾ ਵਿਚ ਰੌਲਾ ਰੱਪਾ ਪਿਆ ਤੇ ਕਾਂਗਰਸ ਨੇ ਵਾ
ਨਵੀਂ ਦਿੱਲੀ, 21 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਟਿਪਣੀ ਕਾਰਨ ਅੱਜ ਵੀ ਲੋਕ ਸਭਾ ਵਿਚ ਰੌਲਾ ਰੱਪਾ ਪਿਆ ਤੇ ਕਾਂਗਰਸ ਨੇ ਵਾਕਆਊਟ ਕਰ ਦਿਤਾ। ਕਾਂਗਰਸ ਦੇ ਸੰਸਦ ਮੈਂਬਰ ਮੰਗ ਕਰ ਰਹੇ ਸਨ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਫ਼ੀ ਮੰਗਣ ਜਾਂ ਸਪੱਸ਼ਟੀਕਰਨ ਦੇਣ। ਜਦ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਾ ਦਿਤਾ ਗਿਆ ਤਾਂ ਉਹ ਵਾਕਆਊਟ ਕਰ ਗਏ। ਸਵੇਰੇ ਸਦਨ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਕਾਂਗਰਸ ਮੈਂਬਰ ਸਪੀਕਰ ਲਾਗੇ ਆ ਕੇ ਨਾਹਰੇਬਾਜ਼ੀ ਕਰਨ ਲੱਗ ਪਏ। ਹੰਗਾਮੇ 'ਚ ਹੀ ਸਪੀਕਰ ਨੇ ਪ੍ਰਸ਼ਨਕਾਲ ਚਲਾਇਆ। ਕਾਂਗਰਸ ਦੇ ਮੈਂਬਰ ਨਾਹਰੇ ਲਾ ਰਹੇ ਸਨ ਅਤੇ ਅਪਣੀ ਗੱਲ ਕਹਿਣ ਲਈ ਸਮਾਂ ਮੰਗ ਰਹੇ ਸਨ। ਸਦਨ ਵਿਚ ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਖੜੇ ਹੋ ਕੇ ਕੁੱਝ ਕਹਿਣਾ ਚਾਹਿਆ ਪਰ ਆਗਿਆ ਨਾ ਮਿਲਣ ਕਾਰਨ ਕਾਂਗਰਸ ਦੇ ਮੈਂਬਰਾਂ ਨੇ ਸਦਨ ਵਿਚ ਵਾਕਆਊਟ ਕਰ ਦਿਤਾ।
ਰਾਜ ਸਭਾ ਵਿਚ 2 ਜੀ ਮਾਮਲੇ 'ਤੇ ਵੀ ਕਾਫ਼ੀ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਹ ਇਕ ਹਫ਼ਤੇ ਤੋਂ ਮੰਗ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਡਾ. ਮਨਮੋਹਨ ਸਿੰਘ ਵਿਰੁਧ ਕੀਤੀ ਗਈ ਟਿਪਣੀ ਲਈ ਸਪੱਸ਼ਟੀਕਰਨ ਦੇਣ। ਉਨ੍ਹਾਂ ਕਿਹਾ, 'ਅੱਜ 2ਜੀ ਮਾਮਲੇ ਵਿਚ ਫ਼ੈਸਲਾ ਆਇਆ ਹੈ। ਸਾਰੇ ਮੁਲਜ਼ਮ ਬਰੀ ਕਰ ਦਿਤੇ ਗਏ। ਹੁਣ ਸਾਬਤ ਹੋ ਗਿਆ ਹੈ ਕਿ ਉਹ ਦੋਸ਼ ਗ਼ਲਤ ਸਨ। ਸਭਾਪਤੀ ਨੇ ਕਿਹਾ ਕਿ ਆਜ਼ਾਦ ਨੂੰ ਇਹ ਮਾਮਲਾ ਚੁੱਕਣ ਦੀ ਆਗਿਆ ਨਹੀਂ ਦਿਤੀ ਗਈ। ਇਸ 'ਤੇ ਰੌਲਾ ਪੈ ਗਿਆ ਜਿਸ ਕਾਰਨ ਕਾਰਵਾਈ ਕਈ ਵਾਰ ਰੁਕੀ। (ਏਜੰਸੀ)