
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਨੂੰ ਰਾਹੁਲ ਤੋਂ ਬਹੁਤ ਉਮੀਦਾਂ ਹਨ। ਰਾਹੁਲ ਦੁਆਰਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ
ਨਵੀਂ ਦਿੱਲੀ, 16 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਨੂੰ ਰਾਹੁਲ ਤੋਂ ਬਹੁਤ ਉਮੀਦਾਂ ਹਨ। ਰਾਹੁਲ ਦੁਆਰਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਮੌਕੇ ਹੋਏ ਸਮਾਗਮ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਮੀਦਾਂ ਭਰੀ ਰਾਜਨੀਤੀ ਉਤੇ ਭੈਅ ਦੀ ਰਾਜਨੀਤੀ ਦਾ ਹਾਵੀ ਹੋਣਾ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਭੈਅ ਦੇ ਮਾਹੌਲ ਵਿਚ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ 'ਉਮੀਦ ਦੀ ਰਾਜਨੀਤੀ' ਨੂੰ ਕਾਇਮ ਰਖਣਗੇ ਜਿਸ ਦੀ ਦੇਸ਼ ਨੂੰ ਲੋੜ ਹੈ ਅਤੇ ਉਹ 'ਡਰ ਦੀ ਰਾਜਨੀਤੀ' ਨੂੰ ਹਾਵੀ ਨਹੀਂ ਹੋਣ ਦੇਣਗੇ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਉਹ ਅਜਿਹੇ ਸਮੇਂ ਅਹੁਦਾ ਸੰਭਾਲ ਰਹੇ ਹਨ ਜਦ ਦੇਸ਼ ਦੀ ਰਾਜਨੀਤੀ ਵਿਚ ਅਸ਼ਾਂਤ ਮਾਹੌਲ ਹੈ।' ਉਨ੍ਹਾਂ ਕਿਹਾ,'ਰਾਹੁਲ ਜੀ ਅਸੀਂ ਉਮੀਦਾਂ ਦੀ ਰਾਜਨੀਤੀ ਵਿਚ ਬਦਲਾਅ ਲਿਆਉਣ ਅਤੇ ਇਸ ਨੂੰ ਕਾਇਮ ਰੱਖਣ ਲਈ ਤੁਹਾਡੇ ਉਤੇ ਨਿਰਭਰ ਹਾਂ।' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਕਾਂਗਰਸ ਦੀਆਂ ਰਾਜਨੀਤਕ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ। ਉਹ ਸਾਹਸ ਅਤੇ ਨਿਮਰਤਾ ਨਾਲ ਸਮਰਪਣ ਅਤੇ ਪ੍ਰਤੀਬੱਧਤਾ ਦੀ ਭਾਵਨਾ ਨਾਲ ਆਏ ਹਨ। ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਇਤਿਹਾਸ ਵਿਚ ਇਹ ਇਤਿਹਾਸਕ ਦਿਨ ਹੈ ਜਦ ਸੋਨੀਆ ਗਾਂਧੀ ਅਪਣੇ ਬੇਟੇ ਨੂੰ ਪਾਰਟੀ ਦੀ ਵਾਗਡੋਰ ਸੰਭਾਲ ਰਹੀ ਹੈ। ਉਨ੍ਹਾਂ ਕਿਹਾ,' ਭਾਰਤ ਲਈ ਵੀ ਅੱਜ ਦਾ ਦਿਨ ਇਤਿਹਾਸਕ ਹੈ। ਜੇ ਮੈਂ ਕੁੱਝ ਭਾਵੁਕ ਹੋ ਗਿਆ ਤਾਂ ਮੈਨੂੰ ਮਾਫ਼ ਕਰ ਦੇਣਾ।' ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਇਕਜੁੱਟ ਰੱਖਣ ਲਈ ਸੋਨੀਆ ਗਾਂਧੀ ਨੂੰ ਸਲਾਮ ਕਰਦੇ ਹਨ। (ਏਜੰਸੀ)