
16 ਨਵੰਬਰ (ਜਸਪਾਲ ਸਿੰਘ ਸਿੱਧੂ): ਇਕ ਵਾਰ ਫਿਰ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਮੌਜਾਂ ਲੱਗ ਸਕਦੀਆ ਹਨ। ਪਹਿਲਾਂ ਮੌਜਾਂ ਉਸ ਸਮੇਂ ਲੱਗੀਆਂ ਸਨ
ਭੁੱਚੋ ਮੰਡੀ, 16 ਨਵੰਬਰ (ਜਸਪਾਲ ਸਿੰਘ ਸਿੱਧੂ): ਇਕ ਵਾਰ ਫਿਰ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਮੌਜਾਂ ਲੱਗ ਸਕਦੀਆ ਹਨ। ਪਹਿਲਾਂ ਮੌਜਾਂ ਉਸ ਸਮੇਂ ਲੱਗੀਆਂ ਸਨ ਜਦ ਅਕਾਲੀ ਦਲ ਦੀ ਸਰਕਾਰ ਵੇਲੇ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ। ਉਸ ਸਮੇਂ ਬਠਿੰਡੇ ਜ਼ਿਲ੍ਹੇ ਦਾ ਕੋਈ ਹੀ ਕਿਸਾਨ ਬਚਿਆ ਹੋਵੇਗਾ ਜਿਸ ਨੇ ਅਪਣੇ ਖੇਤ ਮੋਟਰ ਨਾ ਲਗਵਾਈ ਹੋਵੇ ਅਤੇ ਅਸਲੇ ਦਾ ਲਾਇਸੰਸ ਨਾ ਬਣਾਇਆ ਹੋਵੇ।ਦੂਜੇ ਹਲਕੇ ਦੇ ਲੋਕ ਬਾਦਲਾਂ ਨੂੰ ਇਹ ਉਲਾਂਭਾ ਦਿੰਦੇ ਸਨ ਕਿ ਪੰਜਾਬ ਦਾ ਸਾਰਾ ਪੈਸਾ ਬਠਿੰਡੇ ਦੇ ਵਿਕਾਸ 'ਤੇ ਲਾ ਦਿਤਾ। ਹੁਣ ਉਹੀ ਮੌਜਾਂ ਬਠਿੰਡੇ ਦੇ ਲੋਕਾਂ ਨੂੰ ਫਿਰ ਲੱਗਣ ਵਾਲੀਆਂ ਹਨ। ਅਪਣੇ ਬੇਟੇ ਰਣਇੰਦਰ ਸਿੰਘ ਨੂੰ ਰਾਜਨੀਤੀ ਵਿਚ ਸੈਟ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੇ ਹਨ। ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕਰੀਬ 20 ਹਜ਼ਾਰ ਵੋਟਾਂ ਨਾਲ ਹਰਾਇਆ ਸੀ ਅਤੇ 2009 ਦੀਆਂ ਲੋਕਾਂ ਸਭਾ ਚੋਣਾਂ ਸਮੇਂ ਰਣਇੰਦਰ ਸਿੰਘ ਨੂੰ ਕਰੀਬ 1 ਲੱਖ ਵੀਹ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦਾ ਬੋਲਬਾਲਾ ਰਿਹਾ ਸੀ।
ਇਸ ਲੋਕ ਸਭਾ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਆਮ ਆਦਮੀ ਪਾਰਟੀ ਨੇ 5, ਕਾਂਗਰਸ ਨੇ 2 ਅਤੇ ਅਕਾਲੀ ਦਲ ਨੇ 2 ਹਲਕਿਆਂ ਵਿਚ ਜਿੱਤ ਪ੍ਰਪਤ ਕੀਤੀ ਸੀ। ਪਰ ਹੁਣ ਹਾਲਾਤ ਬਦਲੇ ਹੋਏ ਹਨ। ਗੁਰਦਾਸਪੁਰ ਵਿਚ ਜਾਖੜ ਦੀ ਜਿੱਤ ਤੋਂ ਬਾਅਦ ਕੈਪਟਨ ਉਤਸ਼ਾਹਤ ਹਨ। ਉਹ ਅਪਣੇ ਤਜਰਬੇ ਅਨੁਸਾਰ ਜਾਣਦੇ ਹਨ ਕਿ ਸਰਕਾਰ ਦੇ ਦਬਦਬੇ ਵਿਚ ਅਤੇ ਅਪਣੇ ਕੰਮਾਂ ਦੇ ਲਾਲਚ ਵਿਚ ਲੋਕ ਉਨ੍ਹਾਂ ਦੇ ਬੇਟੇ ਨੂੰ ਵੋਟ ਪਾ ਦੇਣਗੇ। ਇਸ ਲਈ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਡੀਸੀ ਅਤੇ ਐਸ ਐਸਪੀਆਂ ਸਮੇਤ ਅਫ਼ਸਰਾਂ ਦੇ ਤਬਾਦਲੇ ਹੋ ਸਕਦੇ ਹਨ। ਅਜਿਹੇ ਅਫ਼ਸਰਾਂ ਦੀ ਟੀਮ ਲਿਆਂਦੀ ਜਾ ਰਹੀ ਹੈ ਜੋ ਕਾਂਗਰਸੀਆਂ ਦੇ ਕੰਮ ਕਰ ਕੇ ਉਨ੍ਹਾਂ ਨੂੰ ਖ਼ੁਸ਼ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਮਹਿਲਾ ਵਾਲਿਆਂ ਵਲੋਂ ਅਪਣੇ ਖ਼ਾਸ ਕਾਂਗਰਸੀ ਆਗੂਆਂ ਨੂੰ ਇਹ ਇਸ਼ਾਰਾ ਵੀ ਕਰ ਦਿਤਾ ਗਿਆ ਹੈ ਕਿ ਉਹ ਤਿਆਰੀ ਸ਼ੁਰੂ ਕਰ ਦੇਣ ਅਤੇ ਲੋਕਾਂ ਦੇ ਹੋਣ ਵਾਲੇ ਕੰਮਾਂ ਦੀ ਲਿਸਟਾਂ ਬਣਾਉਣ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਉਹ ਜਲਵਾ ਨਹੀਂ ਰਿਹਾ ਜਿਥੇ ਉਨ੍ਹਾਂ ਦੇ ਵਿਧਾਇਕ ਜਿੱਤੇ ਹਨ ਉਥੋਂ ਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਅਤੇ ਹੁਣ ਉਹ ਲੋਕ ਵੀ ਚਾਹੁੰਦੇ ਹਨ ਕਿ ਕੋਈ ਆ ਕੇ ਉਨ੍ਹਾਂ ਦੀ ਬਾਂਹ ਫੜ ਲਵੇ। ਸਾਰੀਆਂ ਸਥਿਤੀਆ ਅਨੁਕੂਲ ਹੁੰਦੀਆਂ ਵੇਖ ਯੁਵਰਾਜ ਨੂੰ ਲੜਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਜਿਹੀ ਹਾਲਤ ਵਿਚ ਹਰਸਿਮਰਤ ਕੌਰ ਬਾਦਲ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਾਈ ਜਾ ਸਕਦੀ ਹੈ। ਯੁਵਰਾਜ ਦੇ ਮੁਕਾਬਲੇ ਸਿਕੰਦਰ ਸਿੰਘ ਮਲੂਕਾ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਆਮ ਆਦਮੀ ਪਾਰਟੀ ਕੋਲ ਇਥੇ ਕੋਈ ਮਜ਼ਬੂਤ ਆਧਾਰ ਵਾਲਾ ਆਗੂ ਨਹੀਂ ਹੈ।