
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਪਾਰਟੀ ਲੀਡਰ ਸੁਖਪਾਲ ਸਿੰਘ ਖਹਿਰਾ ਵਿਰੁਧ ਅਦਾਲਤੀ ਕਾਰਵਾਈ ਪਿੱਛੇ
ਪਟਿਆਲਾ, 3 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਪਾਰਟੀ ਲੀਡਰ ਸੁਖਪਾਲ ਸਿੰਘ ਖਹਿਰਾ ਵਿਰੁਧ ਅਦਾਲਤੀ ਕਾਰਵਾਈ ਪਿੱਛੇ ਬਦਲਾਖੋਰੀ ਦੇ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ।ਪਟਿਆਲਾ ਵਿਖੇ ਜਨਤਕ ਸਮਾਗਮ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਅਤੇ ਵਿਰੋਧੀ ਧਿਰ ਦੇ ਲੀਡਰ ਨੂੰ ਸੰਮਨ ਜਾਰੀ ਕਰਨ ਦਾ ਫ਼ੈਸਲਾ ਅਦਾਲਤ ਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਿਆਇਕ ਮਾਮਲਿਆਂ ਵਿਚ ਕਿਸੇ ਕਿਸਮ ਦਾ ਦਖ਼ਲ ਦੇਣ ਵਿਚ ਵਿਸ਼ਵਾਸ ਨਹੀਂ ਰਖਦੀ ਅਤੇ ਇਕ ਕੇਸ ਵਿਚ ਖਹਿਰਾ ਨੂੰ ਤਲਬ ਕਰਨਾ ਅਦਾਲਤ ਦਾ ਆਜ਼ਾਦਾਨਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜੱਜ ਦਾ ਇਹ ਫ਼ੈਸਲਾ ਨਿਰਸੰਦੇਹ ਕੁਝ ਤੱਥਾਂ 'ਤੇ ਅਧਾਰਤ ਹੋਵੇਗਾ।ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਅਤੇ ਸਰਕਾਰ ਤੋਂ ਨਾ-ਖ਼ੁਸ਼ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਹੈ ਕਿ ਬਾਜਵਾ ਨੇ ਕਿਹੜੀ ਨਾਰਾਜ਼ਗੀ ਪਾਲੀ ਹੋਈ ਹੈ। ਬਾਜਵਾ ਦੇ ਇਸ ਅਣਕਿਆਸੇ ਰਵਈਏ 'ਤੇ ਹੈਰਾਨੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪਾਰਟੀ ਲੀਡਰਾਂ ਜਾਂ ਵਿਧਾਇਕਾਂ ਨੂੰ ਸਰਕਾਰ ਨਾਲ ਕੋਈ ਸਮੱਸਿਆ ਨਹੀਂ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਸਾਰੇ ਮੈਂਬਰਾਂ ਦਾ ਖੁਲ੍ਹਾ ਮੰਚ ਹੈ ਜਿਥੇ ਹਰ ਮੈਂਬਰ ਵਲੋਂ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਫ਼ੀਡਬੈਕ ਸਾਂਝੀ ਕਰਨ ਦਾ ਸਵਾਗਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਕਿਆਸ ਕਰਨਾ ਔਖਾ ਹੈ ਕਿ ਬਾਜਵਾ ਦੇ ਮਨ ਵਿਚ ਕੀ ਚੱਲ ਰਿਹਾ ਹੈ ਅਤੇ ਬਾਜਵਾ ਨੂੰ ਕਾਂਗਰਸ ਹਾਈ ਕਮਾਂਡ ਵਲ ਭੱਜ-ਨੱਠ ਕਰਨ ਦੀ ਕੀ ਕਾਹਲੀ ਹੈ ਜਿਵੇਂ ਮੀਡੀਆ ਵਿਚ ਇਸ ਬਾਰੇ ਰੀਪੋਰਟ ਆਈ ਹੋਈ ਹੈ। ਪਰਾਲੀ ਸਾੜਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ਕਾਨੂੰਨ ਨੂੰ ਲਾਗੂ )ਕਰਨ ਲਈ ਪਾਬੰਦ ਹੈ ਹਾਲਾਂਕਿ ਉਨ੍ਹਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਕਰਨ ਅਤੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਮੁਆਵਜ਼ਾ ਦੇਣ ਬਾਰੇ ਅਪਣੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਝੋਨੇ ਦੀ ਰੁੱਤ ਵਿਚ ਹੁੰਦੀ ਅਨੁਮਾਨਤ 200 ਲੱਖ ਟਨ ਪਰਾਲੀ ਨੂੰ ਹਟਾਉਣ ਤੇ ਨਿਪਟਾਉਣ ਲਈ ਢੰਗ ਤਰੀਕਾ ਲੱਭਣ ਵਾਸਤੇ ਸਾਂਝੇ ਯਤਨ ਕਰਨ ਦੀ ਲੋੜ ਹੈ।
ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਹਾਜ਼ਰ ਸਨ।