
ਕਾਂਗਰਸ ਨੇ ਕੇਂਦਰੀ ਵਜ਼ਾਰਤੀ ਵਾਧੇ ਨੂੰ 'ਵੱਧ ਤੋਂ ਵੱਧ ਸਰਕਾਰ ਅਤੇ ਜ਼ੀਰੋ ਸ਼ਾਸਨ' ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਚਾਰ ਨੌਕਰਸ਼ਾਹਾਂ ਨੂੰ ਥਾਂ ਦੇਣ....
ਨਵੀਂ ਦਿੱਲੀ : ਕਾਂਗਰਸ ਨੇ ਕੇਂਦਰੀ ਵਜ਼ਾਰਤੀ ਵਾਧੇ ਨੂੰ 'ਵੱਧ ਤੋਂ ਵੱਧ ਸਰਕਾਰ ਅਤੇ ਜ਼ੀਰੋ ਸ਼ਾਸਨ' ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਚਾਰ ਨੌਕਰਸ਼ਾਹਾਂ ਨੂੰ ਥਾਂ ਦੇਣ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਅਪਣੇ ਰਾਜਸੀ ਸਹਿਯੋਗੀਆਂ ਦੀ ਸਮਰੱਥਾ 'ਤੇ ਕੋਈ ਭਰੋਸਾ ਨਹੀਂ। ਕਾਂਗਰਸ ਨੇ ਮੰਤਰੀਆਂ ਦੀ ਉਮਰ ਬਾਬਤ ਵੀ ਕਟਾਖ਼ਸ਼ ਕਰਦਿਆਂ ਕਿਹਾ ਕਿ ਮੋਦੀ ਕੈਬਨਿਟ 'ਸੀਨੀਅਰ ਸਿਟੀਜ਼ਨ ਕਲੱਬ' ਬਣ ਗਈ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਫੇਰਬਦਲ ਨੂੰ ਫ਼ਜ਼ੂਲ ਦੀ ਕਾਰਵਾਈ ਦਸਿਆ। ਉਨ੍ਹਾਂ ਕਿਹਾ, 'ਕੈਬਨਿਟ ਫੇਰਬਦਲ ਉਮੀਦਾਂ 'ਤੇ ਪਾਣੀ ਫੇਰਨ ਵਾਲਾ ਨਿਕਲਿਆ। ਇਹ ਫ਼ਜ਼ੂਲ ਦੀ ਕਾਰਵਾਈ ਹੈ।' ਉਨ੍ਹਾਂ ਜੇਡੀਯੂ ਦੇ ਸ਼ਾਮਲ ਨਾ ਹੋਣ 'ਤੇ ਕਟਾਖ਼ਸ਼ ਕਰਦਿਆਂ ਕਿਹਾ, 'ਜੇਡੀਯੂ ਅਤੇ ਭਾਜਪਾ ਦਾ ਨਵਾਂ ਮੇਲਮਿਲਾਪ ਅਸਫ਼ਲ ਸਾਬਤ ਹੋਇਆ ਕਿਉਂਕਿ ਜੇਡੀਯੂ ਨੂੰ ਸ਼ਾਮਲ ਨਹੀਂ ਕੀਤਾ ਗਿਆ।'
ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ 1.24 ਅਰਬ ਦੀ ਆਬਾਦੀ ਵਾਲੇ ਜਿਸ ਦੇਸ਼ ਵਿਚ ਔਸਤ ਉਮਰ 27 ਸਾਲ ਹੋਵੇ, ਉਥੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਦੀ ਔਸਤ ਉਮਰ 60.44 ਸਾਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਕ ਪਾਸੇ ਨੌਜਵਾਨਾਂ ਦੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਲਈ ਲੱਛੇਦਾਰ ਭਾਸ਼ਨ ਦਿੰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦਾ ਮੰਤਰੀ ਮੰਡਲ 'ਸੀਨੀਅਰ ਸਿਟੀਜ਼ਨ ਕਲੱਬ' ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਰਨਾਟਕ ਦੇ ਅਨੰਤ ਕੁਮਾਰ ਹੇਗੜੇ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਇਕ ਵੀਡੀਉ ਵਿਚ ਹੇਗੜੇ ਨਿਜੀ ਹਸਪਤਾਲ ਦੇ ਡਾਕਟਰਾਂ ਨੂੰ ਕੁਟਦਾ ਸਾਫ਼ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਵਜ਼ਾਰਤੀ ਵਾਧੇ ਤੋਂ ਪ੍ਰਤੀਤ ਹੁੰਦਾ ਹੈ ਕਿ ਮੋਦੀ ਨਹੀਂ, ਅਮਿਤ ਸ਼ਾਹ ਪ੍ਰਧਾਨ ਮੰਤਰੀ ਹੈ। (ਏਜੰਸੀ)