
ਪੁਲਿਸ ਦੀ ਰੋਕ ਦੇ ਬਾਵਜੂਦ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਣੀ ਅਤੇ ਉਸ ਦੇ ਸਮਰਥਕਾਂ ਨੇ ਰਾਜਧਾਨੀ ਦੇ ਸੰਸਦ ਮਾਰਗ 'ਤੇ 'ਯੁਵਾ ਹੁੰਕਾਰ' ਰੈਲੀ....
ਨਵੀਂ ਦਿੱਲੀ, 9 ਜਨਵਰੀ : ਪੁਲਿਸ ਦੀ ਰੋਕ ਦੇ ਬਾਵਜੂਦ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਣੀ ਅਤੇ ਉਸ ਦੇ ਸਮਰਥਕਾਂ ਨੇ ਰਾਜਧਾਨੀ ਦੇ ਸੰਸਦ ਮਾਰਗ 'ਤੇ 'ਯੁਵਾ ਹੁੰਕਾਰ' ਰੈਲੀ ਕੀਤੀ। ਜਿਗਨੇਸ਼ ਮੇਵਾਣੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਸਾਹਮਣੇ ਖ਼ਤਰਾ ਪੈਦਾ ਕਰ ਰਹੀ ਹੈ। ਉਨ੍ਹਾਂ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤੇ ਜਾਣ ਨੂੰ ਰਾਜਨੀਤੀ ਦੇ 'ਗੁਜਰਾਤ ਮਾਡਲ' ਦੀ ਮਿਸਾਲ ਕਰਾਰ ਦਿਤਾ। ਮੇਵਾਣੀ ਨੇ ਕਿਹਾ, 'ਇਸ ਦੇਸ਼ ਦੇ 125 ਕਰੋੜ ਲੋਕ ਵੇਖ ਰਹੇ ਹਨ ਕਿ ਕਿਸੇ ਨੂੰ ਕੇਵਲ ਇਸ ਲਈ ਨਹੀਂ ਬੋਲਣ ਦਿਤਾ ਜਾ ਰਿਹਾ ਕਿਉਂਕਿ ਉਹ ਚੰਦਰਸ਼ੇਖ਼ਰ ਆਜ਼ਾਦ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ' ਰੈਲੀ ਵਿਚ ਦਿੱਲੀ, ਲਖਨਊ ਅਤੇ ਇਲਾਹਾਬਾਦ ਸਮੇਤ ਹੋਰ ਥਾਵਾਂ ਤੋਂ ਵਿਦਿਆਰਥੀ ਪੁੱਜੇ ਹੋਏ ਸਨ। ਮੇਵਾਣੀ ਨੇ ਕਿਹਾ, 'ਚੁਣੇ ਹੋਏ ਪ੍ਰਤੀਨਿਧ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ ਤਾਂ ਫਿਰ ਇਹ ਗੁਜਰਾਤ ਦਾ ਮਾਡਲ ਹੈ।' ਰੈਲੀ ਵਿਚ ਸਿਖਿਆ ਦਾ ਅਧਿਕਾਰ, ਰੁਜ਼ਗਾਰ ਅਤੇ ਉਪਜੀਵਕਾ ਤੇ ਲਿੰਗਕ ਇਨਸਾਫ਼ ਜਿਹੇ ਮੁੱਦਿਆਂ 'ਤੇ ਜ਼ੋਰ ਦੇਣ ਦੀ ਮੰਗ ਕੀਤੀ ਗਈ।
ਰੈਲੀ ਵਿਚ ਕਨਈਆ ਕੁਮਾਰ, ਸ਼ੇਹਲਾ ਰਾਸ਼ਿਦ ਅਤੇ ਉਮਰ ਖਾਲਿਦ ਸਮੇਤ ਜੇਐਨਯੂ ਦੇ ਸਾਬਕਾ ਅਤੇ ਮੌਜੂਦਾ ਵਿਦਿਆਰਥੀ ਆਗੂ ਮੌਜੂਦ ਸਨ।
ਪੁਲਿਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਪਰ ਰੈਲੀ ਦੇ ਪ੍ਰਬੰਧਕ ਅਤੇ ਜਿਗਨੇਸ਼ ਰੈਲੀ ਕਰਨ 'ਤੇ ਅੜੇ ਰਹੇ। ਰੈਲੀ ਵਾਲੀ ਥਾਂ ਭਾਰਤੀ ਗਿਣਤੀ ਵਿਚ ਜਿਗਨੇਸ਼ ਦੇ ਸਮਰਥਨ ਸਨ। ਰੈਲੀ ਵਿਚ ਯੂਪੀ ਦੀ ਭੀਮ ਆਰਮੀ ਦੇ ਸਮਰਥਕ ਵੀ ਪਹੁੰਚੇ ਸਨ ਜਿਨ੍ਹਾਂ ਦੇ ਹੱਥਾਂ ਵਿਚ ਅਪਣੇ ਨੇਤਾ ਚੰਦਰਸ਼ੇਖ਼ਰ ਦੀਆਂ ਤਸਵੀਰਾਂ ਸਨ। ਰੈਲੀ ਦੌਰਾਨ ਜਿਗਨੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ, 'ਅਸੀਂ ਸਿਰਫ਼ ਜਮਹੂਰੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਪਰ ਸਾਨੂੰ ਇਜਾਜ਼ਤ ਨਹੀਂ ਦਿਤੀ ਗਈ। ਸਰਕਾਰ ਸਾਨੂੰ ਨਿਸ਼ਾਨਾ ਬਣਾ ਰਹੀ ਹੈ। ਚੁਣੇ ਹੋਏ ਪ੍ਰਤੀਨਿਧ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ।' (ਏਜੰਸੀ)