
20 ਨਵੰਬਰ : ਕਾਂਗਰਸ ਦੇ ਅਗਲੇ ਪ੍ਰਧਾਨ ਦੀ ਚੋਣ ਦੇ ਪ੍ਰੋਗਰਾਮ 'ਤੇ ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਮੋਹਰ ਲਾ ਦਿਤੀ। ਚੋਣ ਕਵਾਇਦ ਇਕ ਦਸੰਬਰ ਤੋਂ ਸ਼ੁਰੂ ਹੋਵੇਗੀ।
ਨਵੀਂ ਦਿੱਲੀ, 20 ਨਵੰਬਰ : ਕਾਂਗਰਸ ਦੇ ਅਗਲੇ ਪ੍ਰਧਾਨ ਦੀ ਚੋਣ ਦੇ ਪ੍ਰੋਗਰਾਮ 'ਤੇ ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਮੋਹਰ ਲਾ ਦਿਤੀ। ਚੋਣ ਕਵਾਇਦ ਇਕ ਦਸੰਬਰ ਤੋਂ ਸ਼ੁਰੂ ਹੋਵੇਗੀ। ਇੰਜ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਵਿਚ ਕਾਂਗਰਸ ਦੀ ਕਮਾਨ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੇ ਪ੍ਰਧਾਨ ਮੁਲਾਪੱਲੀ ਰਾਮਚੰਦਰਨ ਦੁਆਰਾ ਜਾਰੀ ਕੀਤੇ ਗਏ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਦੀ ਚੋਣ ਲਈ ਨੋਟੀਫ਼ੀਕੇਸ਼ਨ ਇਕ ਦਸੰਬਰ ਨੂੰ ਜਾਰੀ ਕਰ ਦਿਤਾ ਜਾਵੇਗਾ ਅਤੇ ਉਸੇ ਦਿਨ ਉਮੀਦਵਾਰ ਨਾਮਜ਼ਦਗੀ ਦਾਖ਼ਲ ਕਰਨਾ ਸ਼ੁਰੂ ਕਰ ਸਕਦੇ ਹਨ। ਨਾਮਜ਼ਦਗੀ ਦੀ ਆਖ਼ਰੀ ਤਰੀਕ ਚਾਰ ਦਸੰਬਰ ਹੋਵੇਗੀ। ਪੰਜ ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਮਗਰੋਂ ਇਸੇ ਦਿਨ ਸਾਢੇ ਤਿੰਨ ਵਜੇ ਤਕ ਨਾਮਜ਼ਦਗੀ ਦੀ ਸੂਚੀ ਐਲਾਨੀ ਜਾਵੇਗੀ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਦੇ ਇਕੋ ਇਕ ਉਮੀਦਵਾਰ ਹੋਣ ਦੀ ਸੰਭਾਵਨਾ ਹੈ ਅਤੇ ਇਸੇ ਦਿਨ ਯਾਨੀ ਪੰਜ ਦਸੰਬਰ ਨੂੰ ਹੀ ਅਗਲੇ ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ। ਇਸ ਤਰ੍ਹਾਂ ਨੌਂ ਅਤੇ 14 ਦਸੰਬਰ ਨੂੰ ਦੋ ਪੜਾਵਾਂ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਪਾਰਟੀ ਪ੍ਰਧਾਨ ਬਣ ਸਕਦੇ ਹਨ। ਬੈਠਕ ਦੀ ਸ਼ੁਰੂਆਤ ਵਿਚ ਮੈਂਬਰਾਂ ਨੇ ਕਮੇਟੀ ਦੇ ਸੀਨੀਅਰ ਮੈਂਬਰ ਰਹੇ ਮਾਖਨ ਲਾਲ ਫੋਤੇਦਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਬੈਠਕ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦਾ ਸਰਦ ਰੁੱਤ ਇਜਲਾਸ ਰਵਾਇਤੀ ਤਰੀਕੇ ਨਾਲ ਨਾ ਹੋਣ ਅਤੇ ਨੋਟਬੰਦੀ, ਜੀਐਸਟੀ ਸਮੇਤ ਕਈ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਿਆ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਬੈਠਕ ਵਿਚ ਕਿਹਾ ਕਿ ਹਰ ਕਾਂਗਰਸੀ ਕਾਰਕੁਨ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਧਿਆਨ ਕੇਂਦਰਤ ਕਰੇ ਜਿਥੇ ਕਾਂਗਰਸ ਦਾ ਮੁਕਾਬਲਾ 22 ਸਾਲ ਤੋਂ ਸੱਤਾ ਵਿਚ ਮੌਜੂਦ ਭਾਜਪਾ ਨਾਲ ਹੈ। ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਜਨਰਲ ਸਕੱਤਰਾਂ ਨੇ ਹਿੱਸਾ ਲਿਆ। ਪਾਰਟੀ ਨੇ ਜਥੇਬੰਦਕ ਚੋਣਾਂ 31 ਦਸੰਬਰ ਤੋਂ ਪਹਿਲਾਂ ਪੂਰੀਆਂ ਕਰਨੀਆਂ ਹਨ। (ਏਜੰਸੀ)