
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ ਨਾਲ ਜੁੜੇ ਵਿਵਾਦ ਨੂੰ ਲੈ ਕੇ
ਨਵੀਂ ਦਿੱਲੀ, 20 ਅਕਤੂਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ ਨਾਲ ਜੁੜੇ ਵਿਵਾਦ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਉਤੇ ਇਕ ਵਾਰੀ ਫਿਰ ਹਮਲਾ ਕੀਤਾ ਅਤੇ ਪ੍ਰਧਾਨ ਮੰਤਰੀ ਦੀ ਹੀ ਸ਼ੈਲੀ 'ਚ ਉਨ੍ਹਾਂ ਉਤੇ ਵਿਅੰਗ ਕੀਤਾ।ਉਨ੍ਹਾਂ ਨੇ ਭਾਜਪਾ ਪ੍ਰਧਾਨ ਦੇ ਪੁੱਤਰ ਜੈ ਸ਼ਾਹ ਵਲੋਂ ਦਾਇਰ ਅਪਰਾਧਕ ਮਾਣਹਾਨੀ ਦੇ ਮਾਮਲੇ 'ਚ ਅਹਿਮਦਾਬਾਦ ਦੀ ਇਕ ਅਦਾਲਤ ਵਲੋਂ ਵੈੱਬ ਪੋਰਟਲ 'ਦ ਵਾਇਰ' ਵਿਰੁਧ ਲਾਈ ਅੰਤਰਿਮ ਰੋਕ ਵਲ ਇਸ਼ਾਰਾ ਕਰਦਿਆਂ ਟਵਿੱਟਰ 'ਤੇ ਲਿਖਿਆ, ''ਮਿੱਤਰੋਂ, ਸ਼ਾਹ-ਜ਼ਾਦਾ ਬਾਰੇ ਨਾ ਬੋਲਾਂਗਾ, ਨਾ ਬੋਲਣ ਦੇਵਾਂਗਾ।'' ਰਾਹੁਲ ਨੇ ਉਸ ਨਾਲ ਇਕ ਖ਼ਬਰ ਵੀ ਟੈਗ ਕੀਤੀ ਜਿਸ 'ਚ ਅਦਾਲਤ ਵਲੋਂ ਲਾਈ ਰੋਕ ਬਾਰੇ ਲਿਖਿਆ ਗਿਆ ਸੀ।ਜ਼ਿਕਰਯੋਗ ਹੈ ਕਿ 'ਦ ਵਾਇਰ' ਨੇ ਪਿੱਛੇ ਜਿਹੇ ਇਕ ਲੇਖ ਪ੍ਰਕਾਸ਼ਤ ਕੀਤਾ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਦੇ 2014 'ਚ ਕੇਂਦਰ ਦੀ ਸੱਤਾ 'ਚ ਆਉਣ ਤੋਂ ਬਾਅਦ ਜੈ ਸ਼ਾਹ ਨੇ ਵੈੱਬ ਪੋਰਟਲ ਵਿਰੁਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।
ਅਹਿਮਦਾਬਾਦ ਦੀ ਇਕ ਅਦਾਲਤ ਨੇ ਬੀਤੇ ਸੋਮਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦੀ ਕੰਪਨੀ ਨੂੰ ਲੈ ਕੇ ਪ੍ਰਕਾਸ਼ਤ ਪੋਰਟਲ ਦੇ ਲੇਖ ਉਤੇ ਆਧਾਰਤ ਖ਼ਬਰਾਂ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਉਤੇ ਰੋਕ ਲਾ ਦਿਤੀ ਸੀ। ਮੁੱਦੇ 'ਤੇ ਮੋਦੀ ਦੀ ਚੁੱਪੀ ਬਾਰੇ ਕਾਂਗਰਸ ਅਤੇ ਰਾਹੁਲ ਦੋਵੇਂ ਲਗਾਤਾਰ ਸਵਾਲ ਚੁੱਕ ਰਹੇ ਹਨ।ਲੇਖ ਪ੍ਰਕਾਸ਼ਤ ਹੋਣ ਤੋਂ ਬਾਅਦ ਕਾਂਗਰਸ ਨੇ ਅਮਿਤ ਸ਼ਾਹ ਨੂੰ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੇ ਪੁੱਤਰ ਦੇ ਕਾਰੋਬਾਰੀ ਲੈਣ-ਦੇਣ ਦੀ ਜਾਂਚ ਲਈ ਸਰਬਉੱਚ ਅਦਾਲਤ ਦੇ ਜੱਜਾਂ ਦੇ ਦੋ ਮੈਂਬਰੀ ਕਾਨੂੰਨੀ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ।ਜੈ ਸ਼ਾਹ ਦੀ ਅਪੀਲ 'ਤੇ ਬੀਤੇ ਸੋਮਵਾਰ ਨੂੰ ਅਹਿਮਦਾਬਾਦ (ਪੇਂਡੂ) ਦੀ ਦੀਵਾਨੀ ਅਦਾਲਤ ਦੇ ਅਡੀਸ਼ਨਲ ਸੀਨੀਅਰ ਜੱਜ ਨੇ 'ਦ ਵਾਇਰ' ਨੂੰ ਹੁਕਮ ਦਿਤਾ ਸੀ ਕਿ ਉਹ ਖ਼ਬਰ ਦੇ ਆਧਾਰ 'ਤੇ ਅੱਗੇ ਕੁੱਝ ਕਿਸੇ ਵੀ ਰੂਪ 'ਚ ਮੁਕੱਦਮੇ ਦੇ ਨਿਪਟਾਰੇ ਤਕ ਕੁੱਝ ਵੀ ਨਹੀਂ ਲਿਖਣਗੇ-ਬੋਲਣਗੇ। (ਪੀਟੀਆਈ)