
- ਮੁਲਾਜ਼ਮ ਪੱਕੇ ਕਰਨ ਵਾਲੇ ਝੂਠੇ ਬੋਰਡਾਂ 'ਤੇ ਖਰਚ ਕਰੋੜਾਂ ਰੁਪਏ ਦੀ ਭਰਪਾਈ ਆਪਣੀ ਜੇਬ 'ਚੋਂ ਕਰਨ ਚੰਨੀ, ਲੋਕਾਂ ਤੋਂ ਮੁਆਫ਼ੀ ਵੀ ਮੰਗਣ: 'ਆਪ'
- 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ
- ਕਿਹਾ, ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਚੰਨੀ ਅਸਤੀਫ਼ਾ ਦੇਣ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਫ਼ੋਕੇ ਐਲਾਨਾਂ ਦੀ ਜ਼ਮੀਨੀ ਹਕੀਕਤ ਕਬੂਲ ਕਰਨ ਲੱਗ ਪਏ ਹਨ। ਚੀਮਾ ਮੁਤਾਬਕ ਚੰਨੀ ਕੈਬਨਿਟ ਵੱਲੋਂ ਸੂਬੇ ਦੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹਕੀਕਤ ਦਾ ਸ਼ਨੀਵਾਰ ਨੂੰ ਮੁੱਖ ਮੰਤਰੀ ਚੰਨੀ ਨੇ ਹੀ ਪਰਦਾਫ਼ਾਸ਼ ਕਰ ਦਿੱਤਾ ਹੈ।
Harpal Singh Cheema
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਅੱਜ ਜਨਤਕ ਤੌਰ 'ਤੇ ਸੱਚ ਬੋਲਣਾ ਪੈ ਗਿਆ ਹੈ ਕਿ 36,000 ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਅਸੀਂ (ਆਮ ਆਦਮੀ ਪਾਰਟੀ) ਕਹਿੰਦੇ ਆ ਰਹੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਚੀਮਾ ਨੇ ਕਿਹਾ ਕਿ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਚੰਨੀ ਅਤੇ ਸਮੁੱਚੀ ਕਾਂਗਰਸ ਸਰਕਾਰ ਨੂੰ ਖੁੱਲੀ ਚੁਣੌਤੀ ਦਿੰਦੇ ਆ ਰਹੇ ਹਨ ਕਿ 36 ਹਜ਼ਾਰ ਤਾਂ ਦੂਰ ਸਿਰਫ਼ 36 ਮੁਲਾਜ਼ਮਾਂ ਦੇ ਨਾਂਅ ਹੀ ਦੱਸ ਦੇਣ, ਜਿਨ੍ਹਾਂ ਦੀਆਂ ਸੇਵਾਵਾਂ ਚੰਨੀ ਸਰਕਾਰ ਨੇ ਪੱਕੀਆਂ ਕੀਤੀਆਂ ਹੋਣ।
Chief Minister Charanjit Singh Channi
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਚੰਨੀ ਦੀ 'ਫੈਂਕੂ ਆਦਤ' ਨੂੰ ਭਾਂਪ ਕੇ ਸੂਬੇ ਦੀ ਅਫ਼ਸਰਸ਼ਾਹੀ ਵੀ ਚੰਨੀ ਦੇ ਕੰਟਰੋਲ ਵਿੱਚ ਨਹੀਂ ਰਹੀ, ਜਦਕਿ ਕੁਰਸੀ ਦੇ ਕਾਟੋ- ਕਲੇਸ਼ ਕਾਰਨ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਪਹਿਲੇ ਦਿਨ ਤੋਂ ਵੀ ਬੇਕਾਬੂ ਚਲੇ ਆ ਰਹੇ ਹਨ।
ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਗੰਭੀਰਤਾ ਅਤੇ ਸਹੀ ਨੀਤੀ- ਨੀਅਤ ਨਾਲ ਅੱਗੇ ਵਧਾਈ ਹੁੰਦੀ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਇਹ ਫਾਇਲ ਲਟਕਾਉਣ ਦਾ ਕੋਈ ਠੋਸ ਕਾਰਨ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਚੰਨੀ ਸਫ਼ਾਈ ਦੇ ਰਹੇ ਹਨ ਕਿ ਪੰਜਾਬ ਦੇ ਰਾਜਪਾਲ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫ਼ਾਇਲ 'ਤੇ ਦਸਤਖ਼ਤ ਨਹੀਂ ਕਰ ਰਹੇ, ਜੇਕਰ ਅਜਿਹਾ ਨਾ ਕੀਤਾ ਤਾਂ ਉਹ ਪੂਰੀ ਕੈਬਨਿਟ ਸਮੇਤ ਪੰਜਾਬ ਰਾਜ ਭਵਨ (ਰਾਜਪਾਲ ਨਿਵਾਸ) ਮੂਹਰੇ ਧਰਨਾ ਲਾਉਣਗੇ।
Harpal Cheema
ਚੀਮਾ ਨੇ ਸਵਾਲ ਕੀਤਾ ਕਿ ਉਸ ਸਰਕਾਰ ਵੱਲੋਂ ਕੀ ਧਰਨਾ ਲਗਾਉਣ ਨਾਲ ਮਸਲਾ ਹੱਲ ਹੋ ਜਾਵੇਗਾ, ਜਿਸ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਧਰਨੇ ਲੱਗ ਰਹੇ ਹਨ? ਸਵਾਲ ਇਹ ਉਠੇਗਾ ਕਿ ਜੋ ਸਰਕਾਰ ਸੂਬੇ ਭਰ ਵਿੱਚ ਵੱਖ- ਵੱਖ ਵਰਗਾਂ ਵੱਲੋਂ ਲਗਾਏ ਜਾ ਰਹੇ ਰੋਸ ਧਰਨਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਉਲਟਾ ਧਰਨਾਕਾਰੀਆਂ ਉਤੇ ਲਾਠੀਚਾਰਜ ਅਤੇ ਕੇਸ ਦਰਜ ਕਰਦੀ ਹੈ, ਉਸ ਸਰਕਾਰ ਵੱਲੋਂ ਲਾਏ ਧਰਨੇ ਨੂੰ ਰਾਜਪਾਲ ਪੰਜਾਬ ਕਿੰਨਾ ਕੁ ਗੰਭੀਰਤਾ ਨਾਲ ਲੈਣਗੇ?
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਦੇ ਫ਼ੋਕੇ ਐਲਾਨਾਂ ਦੀ ਪੋਲ ਖੁੱਲ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਸਬੰਧੀ ਪੂਰੇ ਪੰਜਾਬ 'ਚ ਲਾਏ ਬੋਰਡਾਂ 'ਤੇ ਹੋਏ ਸਰਕਾਰੀ ਖ਼ਰਚ ਦੀ ਭਰਪਾਈ ਆਪਣੀ ਜੇਬ 'ਚੋਂ ਭਰ ਕੇ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਚੰਨੀ ਵੱਲੋਂ 100 ਦਿਨਾਂ 'ਚ 100 ਕੰਮ ਕਰਨ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਝੂਠੇ ਐਲਾਨ ਦੀ ਤਰ੍ਹਾਂ ਹੀ ਹੈ।