ਬੀ.ਐਸ.ਐਫ਼. ਨੇ ਸਰਹੱਦ ਤੋਂ 2023 ’ਚ ਕੁਲ 442.39 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ
Drone Recovery At Punjab Border: ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ 2023 ’ਚ ਪੰਜਾਬ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ 107 ਡਰੋਨ ਮਾਰ ਸੁੱਟੇ ਜਾਂ ਬਰਾਮਦ ਕੀਤੇ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਬੀ.ਐਸ.ਐਫ. ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨਾਲ ਲਗਦੇ ਪਛਮੀ ਭਾਰਤ ’ਚ 2,289 ਕਿਲੋਮੀਟਰ ਤੋਂ ਵੱਧ ਕੌਮਾਂਤਰੀ ਸਰਹੱਦ ਦੀ ਰਾਖੀ ਕਰਦਾ ਹੈ। ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਸਰਹੱਦ ਲਗਦੀ ਹੈ।
ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬਰਾਮਦ ਕੀਤੇ ਗਏ ਲਗਭਗ ਸਾਰੇ ਡਰੋਨ ਚੀਨੀ ਮੂਲ ਦੇ ਸਨ ਅਤੇ ਜ਼ਿਆਦਾਤਰ ਸਰਹੱਦ ਨਾਲ ਲੱਗਦੇ ਖੇਤਾਂ ਤੋਂ ਬਰਾਮਦ ਕੀਤੇ ਗਏ ਸਨ। ਅਧਿਕਾਰੀਆਂ ਨੇ ਦਸਿਆ ਕਿ ਇਸ ਸਮੇਂ ਦੌਰਾਨ ਰਾਜਸਥਾਨ ਸਰਹੱਦ ’ਤੇ ਲਗਭਗ 10 ਡਰੋਨ ਜਾਂ ਮਨੁੱਖ ਰਹਿਤ ਹਵਾਈ ਵਹੀਕਲ (ਯੂ.ਏ.ਵੀ.) ਬਰਾਮਦ ਕੀਤੇ ਗਏ।
ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ 2023 ’ਚ ਕੁਲ 442.39 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ, ਜੋ ਮੁੱਖ ਤੌਰ ’ਤੇ ਇਨ੍ਹਾਂ ਡਰੋਨਾਂ ਵਲੋਂ ਸੁੱਟੀ ਗਈ ਸੀ।
ਅਧਿਕਾਰੀ ਨੇ ਦਸਿਆ ਕਿ ਬੀ.ਐਸ.ਐਫ. ਦੇ ਜਵਾਨਾਂ ਨੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿਤਾ ਜਦਕਿ ਦੋ ਤਸਕਰਾਂ ਸਮੇਤ 23 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 14 ਬੰਗਲਾਦੇਸ਼ੀ ਨਾਗਰਿਕਾਂ ਅਤੇ 35 ਤਸਕਰਾਂ ਸਮੇਤ 95 ਭਾਰਤੀ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਅਣਜਾਣੇ ’ਚ ਕੌਮਾਂਤਰੀ ਸਰਹੱਦ ਪਾਰ ਕਰਨ ਦੇ ਦੋਸ਼ ’ਚ ਕਰੀਬ 12 ਪਾਕਿਸਤਾਨੀ ਨਾਗਰਿਕਾਂ ਨੂੰ ਵੀ ਵਾਪਸ ਭੇਜ ਦਿਤਾ ਗਿਆ ਹੈ। ਬੀ.ਐਸ.ਐਫ. ਨੇ ਇਕ ਬਿਆਨ ’ਚ ਕਿਹਾ, ‘‘ਬੀ.ਐਸ.ਐਫ. ਸਾਰੇ ਹਿੱਸੇਦਾਰਾਂ ਨਾਲ ਸਰਗਰਮ ਸੰਚਾਰ ਅਤੇ ਤਾਲਮੇਲ ਰਾਹੀਂ ਪਾਕਿਸਤਾਨ ਨਾਲ ਲਗਦੀ ਸਰਹੱਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।’’
(For more Punjabi news apart from Drone Recovery At Punjab Border in 2023, stay tuned to Rozana Spokesman)