
ਕਿਹਾ- ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਪੰਥ ਅਤੇ ਪੰਜਾਬ ਦੀ ਲੜਾਈ ਲੜਦੀ ਰਹੀ ਅਤੇ ਲੜਦੀ ਰਹੇਗੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਵਲੋਂ ਚੁੱਕੇ ਜਾ ਰਹੇ ਮੁੱਦਿਆਂ ਸਬੰਧੀ ਸਵਾਲਾਂ ਦੇ ਜਵਾਬ ਅਤੇ ਪੰਜਾਬ ਦੀ ਸਿਆਸਤ ਦਾ ਹਾਲ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਵਲੋਂ ‘ਸਿਆਸੀ ਦਰਬਾਰ’ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਰਣਨੀਤੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਵਿਸ਼ੇਸ਼ ਅੰਸ਼:
ਸਵਾਲ: ਤੁਸੀਂ ਅੱਜ ਪੰਜਾਬ ਦੀ ਤੀਜੀ ਪਾਰਟੀ ਬਣ ਚੁੱਕੇ ਹੋ, ਆਉਣ ਵਾਲੀਆਂ ਚੋਣਾਂ ਵਿਚ ਦੂਜੇ ਜਾਂ ਪਹਿਲੇ ਨੰਬਰ ’ਤੇ ਆਉਣ ਲਈ ਤੁਸੀਂ ਕੀ ਕਰੋਗੇ? ਪੰਜਾਬ ਦੇ ਲੋਕ ਤੁਹਾਨੂੰ ਦੁਬਾਰਾ ਵੋਟਾਂ ਕਿਉਂ ਪਾਉਣ?
ਜਵਾਬ: ਅਕਾਲੀ ਦਲ ਤੀਜੀ ਪਾਰਟੀ ਨਹੀਂ ਹੈ, ਤੁਸੀਂ ਵੋਟ ਸ਼ੇਅਰ ਦੇਖੋ ਸਾਡਾ ਵੋਟ ਸ਼ੇਅਰ 31ਫੀਸਦ ਸੀ। ਆਮ ਆਦਮੀ ਪਾਰਟੀ ਦਾ 21ਫੀਸਦ ਸੀ ਅਤੇ ਕਾਂਗਰਸ ਦਾ 36ਫੀਸਦ ਸੀ। ਗੁਟਕਾ ਸਾਹਿਬ ਦੀ ਸਹੁੰ ਅਤੇ ਬੇਅਦਬੀ ਦੇ ਗਲਤ ਇਲਜ਼ਾਮਾਂ ਦੇ ਬਾਵਜੂਦ ਸਿਰਫ ਥੋੜਾ ਜਿਹਾ ਫਰਕ ਰਹਿ ਗਿਆ ਸੀ।
30 ਸੀਟਾਂ ਅਸੀਂ 1000-1500 ਤੋਂ ਘੱਟ ਵੋਟਾਂ ਦੇ ਫਰਕ ਨਾਲ ਹਾਰੇ, ਉਹ ਹਾਲਾਤ ਹੋਰ ਸੀ। ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਜਿਹੜੀ 21 ਫੀਸਦ ’ਤੇ ਸੀ ਉਹ ਸੰਸਦ ਵਿਚ 6 ਫੀਸਦ ’ਤੇ ਰਹਿ ਗਈ। ਕਾਂਗਰਸ ਵੀ ਘਟ ਗਈ ਅਤੇ ਅਸੀਂ ਬਰਾਬਰ ਹੋ ਗਏ।
ਅਕਾਲੀ ਦਲ ਪੰਜਾਬ ਦੀ ਜਾਨ ਹੈ, 100 ਸਾਲ ਪੁਰਾਣੀ ਪਾਰਟੀ ਹੈ। ਅਸੀਂ ਜਿਉਣਾ, ਮਰਨਾ ਅਤੇ ਰਹਿਣਾ ਇੱਥੇ ਹੈ। ਅਸੀਂ ਰਾਸ਼ਟਰੀ ਪਾਰਟੀਆਂ ਵਾਂਗ ਨਹੀਂ ਹਾਂ। ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਥ ਅਤੇ ਪੰਜਾਬ ਦੀ ਲੜਾਈ ਲੜਦੀ ਰਹੀ ਅਤੇ ਲੜਦੀ ਰਹੇਗੀ।
ਸਵਾਲ: ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਕਾਲੀ ਦਲ ਪੰਜਾਬ ਦੀ ਅਪਣੀ ਪਾਰਟੀ ਹੈ ਅਤੇ ਇਕ ਪੰਥਕ ਪਾਰਟੀ ਹੈ। ਜਦੋਂ ਅਪਣਿਆਂ ਨਾਲ ਨਾਰਾਜ਼ਗੀ ਹੁੰਦੀ ਹੈ ਅਤੇ ਜੋ ਸੱਟ ਲੱਗਦੀ, ਉਹ ਬਹੁਤ ਡੂੰਘੀ ਹੁੰਦੀ ਹੈ। ਅਸੀਂ ਪਿੰਡ-ਪਿੰਡ ਜਾ ਕੇ ਦੇਖਦੇ ਹਾਂ ਕਿ ਕਾਂਗਰਸ ਨੂੰ ’84 ਮੁਆਫ ਪਰ ਤੁਹਾਨੂੰ ਬੇਅਦਬੀ ਨਹੀਂ ਮੁਆਫ। ਬੇਅਦਬੀ ਦਾ ਮਾਮਲਾ ਬਹੁਤ ਡੂੰਘਾ ਅਸਰ ਛੱਡ ਗਿਆ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਸ੍ਰੀ ਗੁਰੂ ਗ੍ਰੰਥ ਸਾਗਿਬ ਦੀ ਬੇਅਦਬੀ ਸਾਡੀ ਸਰਕਾਰ ਦੌਰਾਨ ਹੋਈ ਪਰ ਇਹ ਅਕਾਲੀ ਦਲ ਨੇ ਨਹੀਂ ਕੀਤੀ ਤੇ ਨਾ ਹੀ ਸਰਕਾਰ ਨੇ ਕੀਤੀ। ਪੰਥਕ ਪਾਰਟੀ ਹੋਣ ਨਾਤੇ ਅਸੀਂ ਉਸੇ ਸਮੇਂ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫੀ ਵੀ ਮੰਗੀ। ਅਸੀਂ ਦੋਸ਼ੀਆਂ ਨੂੰ ਫੜ ਲੈਣਾ ਸੀ ਪਰ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਇਸ਼ਾਰਿਆਂ ਉੱਤੇ ਚੱਲਣ ਵਾਲੀਆਂ ਨਕਲੀ ਤੇ ਜਾਅਲੀ ਜਥੇਬੰਦੀਆਂ ਨੇ ਸਾਨੂੰ ਰੋਕਿਆ। ਉਹਨਾਂ ਨੇ ਰੌਲਾ ਪਾਇਆ ਕਿ ਅਸੀਂ ਪੰਜਾਬ ਪੁਲਿਸ ਕੋਲੋਂ ਜਾਂਚ ਨਹੀਂ ਕਰਵਾਉਣੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਰੌਲਾ ਪਾਇਆ। ਇਹਨਾਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਜਾਂਚ ਸੀਬੀਆਈ ਨੂੰ ਸੌਂਪੀ। ਜੇ ਜਾਂਚ ਸਾਡੇ ਕੋਲ ਹੁੰਦੀ ਤਾਂ ਹੁਣ ਤੱਕ ਦੋਸ਼ੀ ਫੜ ਕੇ ਅੰਦਰ ਕਰ ਦੇਣੇ ਸੀ। ਇਹਨਾਂ ਨੇ ਸਿਆਸਤ ਕੀਤੀ ਅਤੇ ਮੈਂ ਗਰੰਟੀ ਦਿੰਦਾ ਹਾਂ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਉਹਨਾਂ ਦਾ ਚੋਣਾਂ ਵਿਚ ਕੱਖ ਨਹੀਂ ਰਹਿਣਾ।
ਸਵਾਲ: ਲੋਕਾਂ ਵਿਚ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਜਿਸ ਇਨਸਾਨ (ਸੁਮੇਧ ਸੈਣੀ) ਉੱਤੇ ਇਲਜ਼ਾਮ ਲੱਗੇ ਹਨ, ਇਕ ਪੰਥਕ ਪਾਰਟੀ ਵਲੋਂ ਉਸ ਨੂੰ ਡੀਜੀਪੀ ਕਿਉਂ ਲਗਾਇਆ ਗਿਆ। ਉਹਨਾਂ ਵਲੋਂ ਸ਼ਾਂਤਮਈ ਬੈਠੇ ਲੋਕਾਂ ਉੱਤੇ ਲਾਠੀਚਾਰਜ ਕੀਤਾ ਗਿਆ। ਸੌਦਾ ਸਾਧ ਵਰਗੇ ਇਨਸਾਨ ਨੂੰ ਮੁਆਫੀ ਦਿੱਤੀ ਗਈ। ਇਹਨਾਂ ਦਾ ਤੁਸੀਂ ਕੀ ਜਵਾਬ ਦਿੰਦੇ ਹੋ?
ਜਵਾਬ: ਪਹਿਲੀ ਗੱਲ ਮੁਆਫੀ ਅਕਾਲੀ ਦਲ ਨੇ ਨਹੀਂ ਦਿੱਤੀ। ਡੀਜੀਪੀ ਸਭ ਤੋਂ ਵੱਡੀ ਪੋਸਟ ਹੈ ਅਤੇ ਇਸ ਦੀ ਨਿਯੁਕਤੀ ਦੀ ਪ੍ਰਕਿਰਿਆ ਹੁੰਦੀ ਹੈ। ਜੋ ਲਾਠੀਚਾਰਜ ਹੋਇਆ, ਉਹ ਜਾਣਬੁੱਝ ਕੇ ਦਿਖਾਇਆ ਜਾਂਦਾ ਸੀ ਕਿ ਬਾਦਲ ਸਾਬ੍ਹ ਨੇ ਹੁਕਮ ਦਿੱਤੇ। ਹੁਣ ਹਰ ਰੋਜ਼ ਜੋ ਅਧਿਆਪਕਾਂ ਉੱਤੇ ਲਾਠੀਚਾਰਜ ਹੁੰਦਾ ਹੈ ਕੀ ਉਸ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਦਿੰਦੇ ਸੀ ਜਾਂ ਚਰਨਜੀਤ ਸਿੰਘ ਚੰਨੀ ਦਿੰਦੇ ਸੀ? ਸਮੇਂ ਦੇ ਜੋ ਹਾਲਾਤ ਹੁੰਦੇ ਹਨ, ਉਸ ਅਨੁਸਾਰ ਹੀ ਅਫ਼ਸਰ ਕਾਰਵਾਈ ਕਰਦੇ ਹਨ।
ਅਕਾਲੀ ਦਲ ਅਪਣੇ ਤੀਜੇ ਕਾਰਜਕਾਲ ਵਿਚ ਜਾ ਰਿਹਾ ਸੀ ਅਤੇ ਇਹਨਾਂ ਕੋਲ ਸਾਡੇ ਖਿਲਾਫ਼ ਕੋਈ ਮੁੱਦਾ ਨਹੀਂ ਸੀ। ਅਕਾਲੀ ਦਲ ਸਰਕਾਰਾਂ ਨੇ ਕੰਮ ਕੀਤੇ ਹਨ, ਪੰਜਾਬ ਵਿਚ ਜੋ ਵਿਕਾਸ ਹੋਇਆ, ਉਹ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਹੀ ਹੋਇਆ ਹੈ। ਪੰਜਾਬ ਦੇ ਸਾਰੇ ਥਰਮਲ ਪਲਾਂਟ ਅਕਾਲੀ ਦਲ ਨੇ ਲਗਵਾਏ। ਭਾਖੜਾ ਡੈਮ ਤੋਂ ਇਲਾਵਾ ਸਾਡੇ ਡੈਮ ਅਕਾਲੀ ਦਲ ਨੇ ਲਾਏ। ਪੰਜਾਬ ਦੀਆਂ ਸਾਰੀਆਂ ਸੜਕਾਂ ਅਕਾਲੀ ਦਲ ਨੇ ਬਣਾਈਆਂ। ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ ਵੀ ਅਕਾਲੀ ਦਲ ਦੀ ਸਰਕਾਰ ਦੌਰਾਨ ਬਣਿਆ। 133 ਸ਼ਹਿਰਾਂ ਵਿਚ ਅਸੀਂ ਸੀਵਰੇਜ ਪਾਇਆ। ਕਾਂਗਰਸ ਨੂੰ ਵੀ ਪੰਜ ਸਾਲ ਹੋ ਗਏ ਇਹਨਾਂ ਨੇ ਕੰਮ ਕਿਉਂ ਨਹੀਂ ਕੀਤੇ? ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹ ਕੰਮ ਕੀਤਾ, ਇਹ ਸਿਰਫ ਬੇਅਦਬੀ ਅਤੇ ਨਸ਼ੇ ਬਾਰੇ ਗੱਲ ਕਰਦੇ ਹਨ। ਪੰਜ ਸਾਲ ਵਿਚ ਨਾ ਇਹਨਾਂ ਨੇ ਬੇਅਦਬੀ ਦੇ ਦੋਸ਼ੀ ਫੜੇ ਅਤੇ ਨਾ ਹੀ ਨਸ਼ੇ ਦੇ ਦੋਸ਼ੀ ਫੜੇ। ਇਸ ਤੋਂ ਵੱਡੀ ਧੋਖਾਧੜੀ ਕੀ ਹੈ?
ਸਵਾਲ: ਪੰਜਾਬ ਵਿਚ ਦੂਜਾ ਭਾਵਨਾਤਮਕ ਮੁੱਦਾ ਨਸ਼ੇ ਦਾ ਹੈ। ਜਦੋਂ ਤੁਹਾਡੀ ਸਰਕਾਰ ਸੀ ਤਾਂ ਵੀ ਕਿਹਾ ਜਾਂਦਾ ਸੀ ਕਿ ਪੰਜਾਬ ਵਿਚ ਨਸ਼ਾ ਵਧ ਰਿਹਾ ਹੈ। ਯੂਐਨ ਦੀ ਰਿਪੋਰਟ ਵਿਚ ਵੀ ਚਿਤਾਵਨੀ ਦਿੱਤੀ ਗਈ ਸੀ। ਜਦੋਂ ਪਿੰਡਾਂ ਵਿਚ ਲੋਕਾਂ ਨਾਲ ਜਾ ਕੇ ਗੱਲ ਕੀਤੀ ਜਾਂਦੀ ਹੈ ਤਾਂ ਵੀ ਉਹ ਕਹਿੰਦੇ ਹਨ ਕਿ ਪੰਜਾਬ ਵਿਚ 7-8 ਸਾਲ ਪਹਿਲਾਂ ਨਸ਼ੇ ਵਿਕਣੇ ਸ਼ੁਰੂ ਹੋਏ। ਕੀ ਤੁਸੀਂ ਇਹ ਮੁੱਦਾ ਸੰਜੀਦਗੀ ਨਾਲ ਨਹੀਂ ਲਿਆ? ਬਿਕਰਮ ਮਜੀਠੀਆ ’ਤੇ ਦਰਜ ਕੇਸ ਬਾਰੇ ਤੁਸੀਂ ਕਹਿੰਦੇ ਹੋ ਕਿ ਸਿਆਸਤ ਖੇਡੀ ਜਾ ਰਹੀ ਹੈ, ਇਹ ਕੇਸ ਤਾਂ ਤੁਹਾਡੀ ਸਰਕਾਰ ਵੇਲੇ ਦਰਜ ਹੋਇਆ ਸੀ?
ਜਵਾਬ: ਅਕਾਲੀ ਦਲ ਦੀ ਸਰਕਾਰ ਵੇਲੇ ਹੀ ਜਗਦੀਸ਼ ਭੋਲੇ ਨੂੰ ਫੜਿਆ ਗਿਆ ਸੀ। ਉਦੋਂ ਮੈਂ ਗ੍ਰਹਿ ਮੰਤਰੀ ਸੀ। ਜੇ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿਚ ਭਾਰਤ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਨਸ਼ਾ ਹੈ। ਪੰਜਾਬ ਸਿਰਫ ਨਸ਼ੇ ਦੀ ਸਪਲਾਈ ਕਰਨ ਦਾ ਰਾਹ ਹੈ। ਦਿੱਲੀ ਵਿਚ ਪੰਜਾਬ ਨਾਲੋਂ ਬਹੁਤ ਜ਼ਿਆਦਾ ਨਸ਼ਾ ਹੈ। ਪੰਜਾਬ ਦੀ ਬਦਨਾਮੀ ਰਾਹੁਲ ਗਾਂਧੀ ਨੇ ਕਰਵਾਈ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ 70 ਫੀਸਦ ਲੋਕ ਨਸ਼ਾ ਕਰਦੇ ਹਨ, ਉਹਨਾਂ ਕੋਲ ਕਿਹੜਾ ਅੰਕੜਾ ਹੈ?
ਜਦੋਂ ਅਸੀਂ ਭੋਲੇ ਨੂੰ ਫੜਿਆ ਤਾਂ ਈਡੀ ਨੇ ਜਾਂਚ ਕੀਤੀ। ਈਡੀ ਨੇ ਜਾਂਚ ਤੋਂ ਬਾਅਦ ਅਪਣਾ ਚਲਾਣ ਪੇਸ਼ ਕੀਤਾ, ਉਸ ਵਿਚ ਬਿਕਰਮ ਮਜੀਠੀਆ ਦਾ ਨਾਮ ਨਹੀਂ ਸੀ। ਉਸ ਨੂੰ ਸਿਰਫ ਇਕ ਵਾਰ ਜਾਂਚ ਲਈ ਬੁਲਾਇਆ ਗਿਆ ਸੀ। ਪੂਰੇ ਪੰਜਾਬ ਵਿਚ ਕਿਤੇ ਵੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਨਹੀਂ ਆਇਆ। ਬਿਕਰਮ ਸਿੰਘ ਮਜੀਠੀਆ ਹੀ ਕਾਂਗਰਸ ਖਿਲਾਫ਼ ਲੜਦਾ ਰਿਹਾ ਹੈ, ਇਸ ਲਈ ਇਹਨਾਂ ਨੇ ਸਿਆਸੀ ਖੇਡ ਖੇਡੀ। ਕਹਿਣ ਨਾਲ ਕੁਝ ਨਹੀਂ ਹੁੰਦਾ, ਹੁਣ ਵੀ ਇਹਨਾਂ ਕੋਲ ਇਕ ਵੀ ਸਬੂਤ ਨਹੀਂ ਹੈ। ਤੁਸੀਂ ਇਕ ਗੁਰਸਿੱਖ ਵਿਅਕਤੀ ਉੱਤੇ ਅਜਿਹੇ ਇਲਜ਼ਾਮ ਲਗਾ ਰਹੇ ਹੋ। ਪੰਜਾਬ ਦੇ ਸਾਰੇ ਸਿਆਸਤਦਾਨਾਂ ਵਿਚੋਂ ਸ਼ਾਇਦ ਬਿਕਰਮ ਸਿੰਘ ਮਜੀਠੀਆ ਹੀ ਅਜਿਹੇ ਆਗੂ ਹਨ ਜੋ ਢਾਈ ਘੰਟੇ ਨਿਤਨੇਮ ਕਰਦੇ ਹਨ। ਗੁਰਸਿੱਖ ਵਿਅਕਤੀ ਅਜਿਹੇ ਕੰਮ ਨਹੀਂ ਕਰ ਸਕਦਾ।
ਸਵਾਲ: ਤੁਸੀਂ ਮੰਨਦੇ ਹੋ ਕਿ ਇਹ ਦਾਗ ਲੱਗ ਚੁੱਕਾ ਹੈ ਅਤੇ ਲੋਕਾਂ ਦੇ ਮਨਾਂ ਵਿਚੋਂ ਨਹੀਂ ਜਾ ਰਿਹਾ। ਜਦੋਂ ਬਿਕਰਮ ਸਿੰਘ ਮਜੀਠੀਆ ’ਤੇ ਪਹਿਲਾ ਪਰਚਾ ਦਰਜ ਹੋਇਆ, ਉਦੋਂ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸਾਰੇ ਦੇਸ਼ ਵਿਚ ਜਿੱਥੇ ਵੀ ਜਾਓ, ਉੱਥੇ ਨਾਮ ਲਿਆ ਜਾਂਦਾ ਹੈ।
ਜਵਾਬ: ਜਦੋਂ ਭਾਜਪਾ ਸਾਡੇ ਨਾਲ ਸੀ ਉਦੋਂ ਉਹਨਾਂ ਨੇ ਕਦੇ ਕਿਉਂ ਨਹੀਂ ਕਿਹਾ? ਹੁਣ ਦੁਸ਼ਮਣ ਹੋ ਗਏ ਤਾਂ ਉਹ ਕਹਿਣਗੇ ਹੀ।
ਸਵਾਲ: ਅਸੀਂ ਜਦੋਂ ਪਿੰਡ-ਪਿੰਡ ਗਏ ਤਾਂ ਇਹ ਇਲਜ਼ਾਮ ਵੀ ਸੁਣਨ ਨੂੰ ਮਿਲਿਆ ਕਿ ਅਕਾਲੀ ਦਲ ਦੇ ਰਾਜ ਹੇਠ ਮਾਫੀਆ ਜਾਗਿਆ। ਲੋਕ ਇਹ ਵੀ ਕਹਿੰਦੇ ਹਨ ਕਿ ਸੁਖਬੀਰ ਬਾਦਲ ਸਿਰਫ 111 ਦਿਨ ਸੱਤਾ ਵਿਚ ਨਹੀਂ ਰਹੇ ਜਦੋਂ ਜਦੋਂ ਚੰਨੀ ਸਰਕਾਰ ਸੀ। ਜਦੋਂ ਕੈਪਟਨ ਮੁੱਖ ਮੰਤਰੀ ਸੀ, ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ। ਇਹ ਕਾਂਗਰਸੀ ਖੁਦ ਵੀ ਕਹਿੰਦੇ ਹਨ।
ਜਵਾਬ: ਜਦੋਂ ਕੈਪਟਨ ਸਰਕਾਰ ਸੀ ਉਦੋਂ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਅਜਿਹਾ ਬਿਆਨ ਕਿਉਂ ਨਹੀਂ ਦਿੱਤਾ। ਜਦੋਂ ਕੈਪਟਨ ਨੇ ਸਿੱਧੂ ਨੂੰ ਕੱਢਿਆ ਤਾਂ ਉਹਨਾਂ ਨੇ ਕੈਪਟਨ ਖਿਲਾਫ਼ ਬੋਲਣਾ ਸ਼ੁਰੂ ਕੀਤਾ। ਸਾਢੇ ਚਾਰ ਸਾਲ ਦੌਰਾਨ ਚਰਨਜੀਤ ਸਿੰਘ ਚੰਨੀ ਕੈਪਟਨ ਖਿਲਾਫ਼ ਕਿਉਂ ਨਹੀਂ ਬੋਲੇ। ਮੀਟੂ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਦੇ ਪੈਰੀਂ ਪੈ ਕੇ ਖਹਿੜਾ ਛੁਡਵਾਇਆ ਅਤੇ ਬਾਅਦ ਵਿਚ ਮੁਆਫੀ ਵੀ ਮੰਗੀ।
ਸਵਾਲ: ਤੁਸੀਂ ਮੰਨਦੇ ਹੋ ਕਿ ਤੁਹਾਡੇ 10 ਸਾਲਾਂ ਦੇ ਰਾਜ ਦੌਰਾਨ ਕੋਈ ਗਲਤੀ ਹੋਈ?
ਜਵਾਬ: ਸਾਡੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਸਾਡੇ ਰਾਜ ਵਿਚ ਬੇਅਦਬੀ ਹੋਈ। ਅਸੀਂ ਪੰਥਕ ਪਾਰਟੀ ਹਾਂ ਅਤੇ ਸਾਨੂੰ ਬੇਅਦਬੀ ਦਾ ਬਹੁਤ ਦੁੱਖ ਹੈ। ਜੇ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਦੁਬਾਰਾ ਮੌਕਾ ਮਿਲਦਾ ਹੈ ਤਾਂ ਮੈਂ ਗਰੰਟੀ ਦਿੰਦਾ ਹਾਂ ਕਿ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ।
ਸਵਾਲ: ਕਿਹਾ ਜਾਂਦਾ ਹੈ ਕਿ ਪੰਜਾਬ ਸਿਰ ਕਰਜ਼ਾ ਵਧਿਆ ਅਤੇ ਸੁਖਬੀਰ ਬਾਦਲ ਲਗਾਤਾਰ ਅਮੀਰ ਹੋਏ। ਭ੍ਰਿਸ਼ਟਾਚਾਰ ਸਬੰਧੀ ਇਕ ਰਿਪੋਰਟ ਅਨੁਸਾਰ ਅਸੀਂ ਪਿਛਲੇ 10 ਸਾਲਾਂ ਤੋਂ 85-86 ਨੰਬਰ ’ਤੇ ਚੱਲ ਰਹੇ ਹਾਂ। ਇਸ ਵਾਰ ਚਿਤਾਵਨੀ ਦਿੱਤੀ ਗਈ ਕਿ ਯੋਜਨਾਬੱਧ ਭ੍ਰਿਸ਼ਟਾਚਾਰ ਵਿਚ ਅਸੀਂ ਉੱਪਰ ਆ ਰਹੇ ਹਾਂ। ਸਿਸਟਮ ਵਿਚ ਪਰਿਵਾਰਵਾਦ ਆ ਰਿਹਾ ਹੈ। ਅਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਸਿਆਸਤਦਾਨ ਅਤੇ ਅਫ਼ਸਰਾਂ ਨੂੰ ਫਾਇਦਾ ਹੋ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਤੁਹਾਡੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਤੁਹਾਡਾ ਵਪਾਰ ਵਧਦਾ ਗਿਆ। ਸੁੱਖ ਵਿਲਾਸ ਲਈ ਵਿਸ਼ੇਸ਼ ਸੜਕਾਂ ਬਣਾਈਆਂ ਗਈਆਂ। ਰੋਡਵੇਜ਼ ਲਈ ਵਿਸ਼ੇਸ਼ ਟਾਈਮ ਟੇਬਲ ਬਣਦਾ ਸੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਬਾਦਲ ਤੋਂ ਬਠਿੰਡਾ ਤੱਕ 4 ਲੇਨ ਹਾਈਵੇਅ ਬਣਾਇਆ ਗਿਆ, ਉਹ ਸਿਰਫ ਬਾਦਲ ਪਿੰਡ ਲਈ ਨਹੀਂ ਹੈ। ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਬਣਿਆ ਹਾਈਵੇਅ ਕੀ ਸਿਰਫ ਸਾਡੇ ਲਈ ਹੈ? ਅਸੀਂ ਬਿਜਲੀ ਇਸ ਲਈ ਸਰਪਲੱਸ ਕੀਤੀ ਕਿ ਸਾਨੂੰ ਗਰਮੀ ਲੱਗਦੀ ਸੀ? ਸਾਰਿਆਂ ਦੇ ਮੰਨ ਵਿਚ ਇਹੀ ਚੀਜ਼ ਹੈ। ਸਾਡੇ ਪਰਮਿਟ ਰੱਦ ਕੀਤੇ ਗਏ ਤਾਂ ਹਾਈ ਕੋਰਟ ਨੇ ਕਾਰਵਾਈ ਕਿਉਂ ਰੋਕੀ, ਕਿਉਂਕਿ ਅਸੀਂ ਸਹੀ ਸੀ। ਮੈਂ ਅਪਣੀ ਸਰਕਾਰ ਵਿਚ ਇਕ ਵੀ ਪਰਮਿਟ ਨਹੀਂ ਲਿਆ। ਸਾਡਾ ਇਕ ਰੁਪਏ ਦਾ ਟੈਕਸ ਵੀ ਡਿਫਾਲਟ ਨਹੀਂ ਹੈ।
ਸਵਾਲ: ਇੱਥੇ ਇਕ ਗ੍ਰਹਿ ਮੰਤਰੀ ਅਤੇ ਇਕ ਕਾਰੋਬਾਰੀ ਦਾ ਕਿਰਦਾਰ ਆਪਸ ਵਿਚ ਭਿੜਦਾ ਨਹੀਂ?
ਜਵਾਬ: ਇਸ ਦਾ ਮਤਲਬ ਮੈਂ ਖੇਤੀ ਵੀ ਛੱਡ ਦੇਵਾਂ? ਸਾਡੀ ਟਰਾਂਸਪੋਰਟ ਕੰਪਨੀ 1947 ਵਿਚ ਬਣੀ ਸੀ, ਉਦੋਂ ਪੰਜਾਬ ਨਹੀਂ ਸੀ ਬਣਿਆ। ਅਸੀਂ ਸਰਕਾਰ ਵਿਚ ਨਹੀਂ ਬਣਾਈ। ਦਿੱਲੀ ਵਿਚ ਮੇਰੇ ਹੋਟਲ ਵੀ ਪਹਿਲਾਂ ਦੇ ਹਨ। ਸੁੱਖ ਵਿਲਾਸ ਵਾਲੀ ਜ਼ਮੀਨ ਸਾਡੇ ਪੁਰਖਿਆਂ ਦੀ 40 ਸਾਲ ਪੁਰਾਣੀ ਜ਼ਮੀਨ ਹੈ। ਕਾਰੋਬਾਰ ਕਰਨਾ ਕੋਈ ਅਪਰਾਧ ਨਹੀਂ ਹੈ। ਸੁੱਖ ਵਿਲਾਸ ਦਾ ਫਾਇਦਾ ਪੰਜਾਬ ਨੂੰ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਵਿਚ ਉਸ ਦਾ 10 ਕਰੋੜ ਟੈਕਸ ਜਾਂਦਾ ਹੈ। ਪੰਜਾਬ ਦਾ ਕਰਜ਼ਾ ਸਾਡੇ ਹੋਟਲ ਬਣਾਉਣ ਨਾਲ ਵਧਿਆ? ਪੰਜਾਬ ਦਾ ਕਰਜ਼ਾ ਅੱਜ ਦਾ ਨਹੀਂ ਵਧਿਆ।
ਕਰਜ਼ੇ ਨੂੰ ਜੀਡੀਪੀ ਨਾਲ ਜੋੜਿਆ ਜਾਂਦਾ ਹੈ। ਭਾਰਤ ਵਿਚ ਸਭ ਤੋਂ ਜ਼ਿਆਦਾ ਕਰਜ਼ਾ ਮੁਕੇਸ਼ ਅੰਬਾਨੀ ’ਤੇ ਹੈ। ਸੂਬੇ ਕਰਜ਼ੇ ਦੇ ਸਿਰ ’ਤੇ ਬਣਦੇ ਹਨ ਜਦੋਂ 2007 ਵਿਚ ਸਾਡੀ ਸਰਕਾਰ ਆਈ ਸੀ ਤਾਂ ਪੰਜਾਬ ਦਾ ਕਰਜ਼ਾ ਇਸ ਦੇ ਜੀਡੀਪੀ ਦਾ 47% ਸੀ ਅਸੀਂ ਘਟਾ ਕੇ 30% ’ਤੇ ਲਿਆਂਦਾ। ਹੁਣ ਫਿਰ ਤੋਂ 40% ਉੱਤੇ ਆ ਗਿਆ ਹੈ।
ਭਾਰਤ ਸਰਕਾਰ ਦਾ ਕਰਜ਼ਾ ਇਸ ਦੇ ਜੀਡੀਪੀ ਦਾ 67% ਹੈ। ਸਭ ਤੋਂ ਅਮੀਰ ਦੇਸ਼ ਅਮਰੀਕਾ ਦਾ ਕਰਜ਼ਾ ਉਸ ਦੀ ਜੀਡੀਪੀ ਦਾ 98% ਹੈ। ਕਰਜ਼ੇ ਦੋ ਤਰ੍ਹਾਂ ਦੇ ਹੁੰਦੇ ਹਨ, ਇਕ ਸਕਾਰਾਤਮਕ ਅਤੇ ਇਕ ਨਕਾਰਾਤਮਕ। ਕਰਜ਼ੇ ਤੋਂ ਬਿਨ੍ਹਾਂ ਕੋਈ ਵਿਅਕਤੀ ਤਰੱਕੀ ਨਹੀਂ ਕਰ ਸਕਦਾ। ਕਰਜ਼ੇ ਦੀ ਵਿਕਾਸ ਦਰ ਵਿਚ ਅਸੀਂ ਦੇਸ਼ ਵਿਚ 13ਵੇਂ ਨੰਬਰ ’ਤੇ ਹਾਂ। ਸਭ ਤੋਂ ਜ਼ਿਆਦਾ ਹਰਿਆਣੇ ਦਾ ਵਧ ਰਿਹਾ ਹੈ। ਅਸੀਂ ਪੰਜਾਬ ਨੂੰ ਅਪਣੇ ਆਪ ਬਦਨਾਮ ਕੀਤਾ ਹੈ।
ਹਰਿਆਣੇ ਦੇ ਕਿਸੇ ਸਿਆਸਤਦਾਨ ਨੇ ਕਦੀ ਨਹੀਂ ਕਿਹਾ ਕਿ ਸਾਡੇ ਸੂਬੇ ਵਿਚ ਨਸ਼ਾ ਵਿਕਦਾ ਹੈ। ਕਿਸੇ ਲੀਡਰ ਨੇ ਨਹੀਂ ਕਿਹਾ ਕਿ ਅਸੀਂ ਕਰਜ਼ੇ ਵਿਚ ਡੁੱਬ ਰਹੇ ਹਾਂ ਕਿਉਂਕਿ ਉਹ ਅਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ। ਪੰਜਾਬ ਦੇ ਸਿਆਸਤਦਾਨ ਪੰਜਾਬ ਨੂੰ ਪਹਿਲਾਂ ਬਦਨਾਮ ਕਰਦੇ ਹਨ। ਦੁਨੀਆਂ ਭਰ ਵਿਚ ਰੌਲਾ ਪਾਇਆ ਗਿਆ ਕਿ ਪੰਜਾਬ ਦੇ ਲੋਕ ਨਸ਼ੇੜੀ ਹਨ, ਜਿਸ ਕਾਰਨ ਫੌਜ ਭਰਤੀ ਮੌਕੇ ਪੰਜਾਬ ਵਿਚ ਸਾਰੇ ਨੌਜਵਾਨਾਂ ਦਾ ਡਰੱਗ ਟੈਸਟ ਕੀਤਾ ਗਿਆ, ਰਿਪੋਰਟ ਵਿਚ ਅੱਧੇ ਫੀਸਦ ਤੋਂ ਵੀ ਘੱਟ ਲੋਕ ਨਸ਼ਾ ਕਰਦੇ ਸਨ। ਅਸੀਂ ਅਪਣੀ ਸਰਕਾਰ ਮੌਕੇ 20 ਹਜ਼ਾਰ ਸਿਪਾਹੀ ਭਰਤੀ ਕੀਤੇ। ਇਸ ਦੇ ਲਈ ਕਰੀਬ ਤਿੰਨ ਲੱਖ ਅਰਜ਼ੀਆਂ ਮਿਲੀਆਂ, ਅਸੀਂ ਸਾਰਿਆਂ ਦਾ ਨਸ਼ੇ ਦਾ ਟੈਸਟ ਕਰਾਇਆ। ਅੱਧੇ ਫੀਸਦ ਤੋਂ ਘੱਟ ਲੋਕ ਫੇਲ੍ਹ ਹੋਏ ਸੀ। ਅਸੀਂ ਅਪਣੇ ਭਾਈਚਾਰੇ ਨੂੰ ਆਪ ਹੀ ਬਦਨਾਮ ਕਰ ਰਹੇ ਹਾਂ। ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ, ਜਿਸ ਹਲਕੇ ਵਿਚ ਜਾਂਦੇ ਸੀ ਵਿਕਾਸ ਲਈ ਫੰਡ ਦਿੰਦੇ ਸੀ। ਹੁਣ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਖਜ਼ਾਨਾ ਖਾਲੀ ਹੈ। ਜੇਕਰ ਤੁਹਾਡਾ ਖਜ਼ਾਨਾ ਮੰਤਰੀ ਹੀ ਕਹਿ ਰਿਹਾ ਹੈ ਕਿ ਖਜ਼ਾਨਾ ਖਾਲੀ ਹੈ ਤਾਂ ਪੰਜਾਬ ਵਿਚ ਨਿਵੇਸ਼ ਕੌਣ ਕਰੇਗਾ? ਸਿਆਸਤ ਇਸ ਮੁੱਦੇ ’ਤੇ ਨਹੀਂ ਹੋਣੀ ਚਾਹੀਦੀ ਕਿ ਕਿਸ ਨੇ ਕਰਜ਼ਾ ਚੜਾਇਆ ਹੈ।
ਸਵਾਲ: ਪੰਜਾਬ ਵਿਚ ਇੰਡਸਟਰੀ ਨਾ ਆਉਣ ਦਾ ਕਾਰਨ ਇਹ ਹੈ ਕਿ ਬੱਦੀ ਨੂੰ ਵਿਸ਼ੇਸ਼ ਪ੍ਰੋਤਸਾਹਨ ਮਿਲਿਆ ਹੈ। ਲੁਧਿਆਣਾ ਅਤੇ ਜਲੰਧਰ ਦੀ ਇੰਡਸਟਰੀ ਦਾ ਬੱਦੀ ਜਾਣਾ ਇਸ ਵਿਚ ਵੀ ਤੁਹਾਡਾ ਕਸੂਰ ਆਉਂਦਾ ਹੈ ਕਿਉਂਕਿ ਜਦੋਂ ਕੇਂਦਰ ਨੇ ਬੱਦੀ ਨੂੰ ਵਿਸ਼ੇਸ਼ ਯੂਨਿਟ ਬਣਾਇਆ ਤਾਂ ਤੁਸੀਂ ਕੇਂਦਰ ਦਾ ਹਿੱਸਾ ਸੀ। ਜਦੋਂ ਦੂਜੀ ਵਾਰ ਐਨਡੀਏ ਸਰਕਾਰ ਆਈ ਤਾਂ ਉਸ ਵਿਚ ਵਾਧਾ ਕੀਤਾ ਗਿਆ, ਤੁਸੀਂ ਪੰਜਾਬ ਦੇ ਹੱਕ ਵਿਚ ਆਵਾਜ਼ ਕਿਉਂ ਨਹੀਂ ਚੁੱਕੀ?
ਜਵਾਬ: ਇੰਡਸਟਰੀ ਲਈ ਸਭ ਤੋਂ ਪਹਿਲਾਂ ਇੰਨਫਰਾਸਟਰਕਚਰ ਦੀ ਲੋੜ ਹੁੰਦੀ ਹੈ। ਹਿਮਾਚਲ ਵਿਚ ਬਿਜਲੀ ਸਸਤੀ ਹੋਣ ਕਾਰਨ ਲੋਕ ਉੱਥੇ ਜਾਂਦੇ ਹਨ। ਬੱਦੀ ਵਿਚ ਇੰਡਸਟਰੀ ਆਉਣ ਨਾਲ ਪੰਜਾਬ ਨੂੰ ਫਾਇਦਾ ਵੀ ਹੋਇਆ ਹੈ, ਤੁਸੀਂ ਕਿਸੇ ਵੀ ਯੂਨਿਟ ਵਿਚ ਚਲੇ ਜਾਓ। ਸਾਰੇ ਪੰਜਾਬ ਦੇ ਬੱਚੇ ਉੱਥੇ ਕੰਮ ਕਰ ਰਹੇ ਹਨ।
ਸਵਾਲ: ਲੋਕਾਂ ਨੂੰ ਨਾਰਾਜ਼ਗੀ ਹੈ ਕਿ ਤੁਸੀਂ ਭਾਜਪਾ ਦੇ ਭਾਈਵਾਲੀ ਹੋਣ ਦੇ ਬਾਵਜੂਦ ਪੰਜਾਬ ਦੇ ਹੱਕਾਂ ਲਈ ਨਹੀਂ ਖੜੇ। ਤੁਸੀਂ ਖੇਤੀ ਆਰਡੀਨੈਂਸ ਵੀ ਸਾਈਨ ਕੀਤੇ ਸੀ, ਜਿਸ ਕਾਰਨ ਕਿਸਾਨ ਸ਼ਾਇਦ ਅੱਜ ਤੱਕ ਤੁਹਾਡੇ ਨਾਲ ਨਾਰਾਜ਼ ਹਨ। ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਭਾਜਪਾ ਦੇ ਥੱਲੇ ਕਿਉਂ ਲੱਗ ਜਾਂਦੇ ਹੋ?
ਜਵਾਬ: ਖੇਤੀ ਕਾਨੂੰਨਾਂ ਦਾ ਕੋਈ ਆਰਡੀਨੈਂਸ ਨਹੀਂ ਸੀ ਬਣਿਆ, ਸਿਰਫ ਕੈਬਨਿਟ ਵਿਚ ਫੈਸਲਾ ਹੋਇਆ ਸੀ। ਸੰਸਦ ਵਿਚ ਕੋਈ ਵੀ ਬਿੱਲ ਭੇਜਣ ਤੋਂ ਪਹਿਲਾਂ ਕੈਬਨਿਟ ਵਿਚ ਫੈਸਲਾ ਲਿਆ ਜਾਂਦਾ ਹੈ। ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਵੀ ਕਿਹਾ ਸੀ ਕਿ ਜਦੋਂ ਤੁਸੀਂ ਇਹ ਐਕਟ ਲੈ ਕੇ ਆਏ ਸੀ ਤਾਂ ਮੈਂ ਤੁਹਾਨੂੰ ਮਨਾਂ ਕੀਤਾ ਸੀ ਕਿ ਨਾ ਲੈ ਕੇ ਆਓ। ਪ੍ਰਧਾਨ ਮੰਤਰੀ ਨੇ ਵੀ ਇਸ ਤੋਂ ਨਾਂਹ ਨਹੀਂ ਕੀਤੀ। ਜੇ ਹਰਸਿਮਰਤ ਕੌਰ ਨੇ ਨਹੀਂ ਕਿਹਾ ਹੁੰਦਾ ਤਾਂ ਉਹ ਬੋਲਦੇ ਕਿ ਤੁਸੀਂ ਨਹੀਂ ਕਿਹਾ।
ਅਸੀਂ ਸਰਕਾਰ ਦਾ ਹਿੱਸਾ ਸੀ, ਇਸ ਲਈ ਅਸੀਂ ਕਿਸਾਨਾਂ ਦੀਆਂ ਮੰਗਾਂ ਲੈ ਕੇ ਜਾਂਦੇ ਰਹੇ। ਅਸੀਂ ਸਰਕਾਰ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਕਾਨੂੰਨ ਲਿਆਂਦੇ ਤਾਂ ਅਸੀਂ ਤੁਹਾਡੇ ਨਾਲ ਨਹੀਂ ਰਹਾਂਗੇ। ਅਸੀਂ ਇਕੱਲੇ ਹਾਂ ਜਿਨ੍ਹਾਂ ਨੇ ਅਸਤੀਫਾ ਦਿੱਤਾ। ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਸੀ ਤਾਂ ਉਦੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ। ਦਰਬਾਰ ਸਾਹਿਬ ’ਤੇ ਹਮਲਾ ਇੰਦਰਾ ਗਾਂਧੀ ਨੇ ਕਰਵਾਇਆ ਕੀ ਉਹਨਾਂ ਨੇ ਅਸਤੀਫਾ ਦਿੱਤਾ? ਗ੍ਰਹਿ ਮੰਤਰੀ ਬੂਟਾ ਸਿੰਘ ਸੀ ਕੀ ਉਹਨਾਂ ਨੇ ਅਸਤੀਫਾ ਦਿੱਤਾ? ਜੇ ਕੁਰਬਾਨੀ ਦਿੰਦੀ ਹੈ ਤਾਂ ਅਕਾਲੀ ਦਲ ਦਿੰਦੀ ਹੈ ਅਸੀਂ ਕੋਈ ਅਹਿਸਾਨ ਨਹੀਂ ਕੀਤਾ। ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ।
ਸਵਾਲ: ਜਦੋਂ ਤੁਹਾਡੀ ਸਰਕਾਰ ਸੀ ਤਾਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਖਰੀ ਦਿਨ ਤੁਸੀਂ ਪੰਜਾਬ ਉੱਤੇ ਐਫਸੀਆਈ ਦਾ 33 ਹਜ਼ਾਰ ਕਰੋੜ ਦਾ ਕਰਜ਼ਾ ਕਬੂਲਿਆ। ਪੰਜਾਬ ਉੱਤੇ ਬਹੁਤ ਬੋਝ ਪਿਆ। ਬਾਅਦ ਵਿਚ ਉਸ ਨੂੰ ਘਟਾਇਆ ਵੀ ਗਿਆ ਪਰ ਇੰਨੀ ਕਾਹਲੀ ਕੀ ਸੀ ਕਿ ਤੁਸੀਂ ਚੋਣ ਜ਼ਾਬਤੇ ਤੋਂ ਇਕ ਦਿਨ ਪਹਿਲਾਂ ਉਸ ਨੂੰ ਕਬੂਲ ਕੀਤਾ?
ਜਵਾਬ: ਉਹ ਕਰਜ਼ਾ ਨਹੀਂ ਪੰਜਾਬ ਦਾ ਬਕਾਇਆ ਹੈ। ਦਰਅਸਲ ਅਕਾਊਂਟ ਸੈਟਲ ਨਹੀਂ ਹੋਏ ਸੀ, ਪਿਛਲੇ 20 ਸਾਲ ਦਾ ਹਿਸਾਬ ਨਹੀਂ ਸੀ ਜੋੜਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਗਲਾ ਪੈਸਾ ਤਾਂ ਦੇਵਾਂਗੇ ਜੇ ਪੁਰਾਣੇ ਅਕਾਊਂਟ ਦਾ ਹਿਸਾਬ ਦਿੱਤਾ ਗਿਆ। ਇਹ ਸਿਰਫ ਹਿਸਾਬ ਜੁੜਿਆ ਸੀ।
ਸਵਾਲ: ਇਹ ਵੀ ਇਲਜ਼ਾਮ ਲੱਗਦੇ ਹਨ ਕਿ ਇਹ ਸਾਰਾ ਪਰਿਵਾਰ ਪਾਰਟੀ ਵਿਚ ਹੈ, ਇਹ ਅਕਾਲੀ ਦਲ ਹੈ ਜਾਂ ਬਾਦਲ ਦਲ?
ਜਵਾਬ: ਸਾਡੇ ਪਰਿਵਾਰ ਨੂੰ ਜਨਤਾ ਚੁਣਦੀ ਹੈ। ਜੇਕਰ ਕਿਸੇ ਨਾਲ ਰਿਸ਼ਤਾ ਜੁੜਦਾ ਹੈ ਤਾਂ ਇਸ ਦਾ ਕੋਈ ਕਾਨੂੰਨ ਨਹੀਂ ਹੈ ਕਿ ਤੁਸੀਂ ਸਿਆਸਤ ਵਿਚ ਨਹੀਂ ਰਹਿ ਸਕਦੇ। ਢੀਂਡਸਾ ਸਾਬ੍ਹ ਦਾ ਵੀ ਪਰਿਵਾਰ ਹੈ, ਉਹ ਕਿਉਂ ਨਹੀਂ ਜਿੱਤਦੇ? ਸਭ ਕੁੱਝ ਭਰੋਸੇਯੋਗਤਾ ਉੱਤੇ ਨਿਰਭਰ ਕਰਦਾ ਹੈ।
ਸਵਾਲ: ਜਦੋਂ ਤੁਹਾਡਾ 10 ਸਾਲ ਦਾ ਰਾਜ ਸੀ ਤਾਂ ਉਸ ਤੋਂ ਪਹਿਲਾਂ ਪੰਜਾਬ ਨੰਬਰ ਇਕ ਸੂਬਾ ਸੀ। ਉਸ ਤੋਂ ਬਾਅਦ ਲਗਾਤਾਰ ਡਿੱਗਦਾ ਹੀ ਆ ਰਿਹਾ ਹੈ। ਅੱਜ ਵੀ ਸ਼ਾਇਦ ਪੰਜਾਬ 17ਵੇਂ ਨੰਬਰ ’ਤੇ ਹੈ। ਤੁਸੀਂ ਪੰਜਾਬ ਵਿਚ ਅਜਿਹਾ ਕੀ ਕਰਨਾ ਚਾਹੁੰਦੇ ਹੋ ਕਿ ਉਹ ਵਾਪਸ ਪਹਿਲਾਂ ਵਾਲਾ ਪੰਜਾਬ ਬਣ ਸਕੇ? ਜਵਾਬ: ਪੰਜਾਬ ਅੱਜ ਵੀ ਅਵੱਲ ਨੰਬਰ ਦਾ ਸੂਬਾ ਹੈ। ਅਤਿਵਾਦ ਦੇ 10-15 ਸਾਲਾਂ ਵਿਚ ਜੋ ਨੁਕਸਾਨ ਹੋਇਆ ਉਸ ਦਾ ਅਸੀਂ ਭੁਗਤਾਨ ਨਹੀਂ ਕਰ ਸਕੇ। ਉਹ ਸਮਾਂ ਆਈਟੀ ਕ੍ਰਾਂਤੀ ਦਾ ਸਮਾਂ ਸੀ। ਉਸ ਸਮੇਂ ਦੱਖਣੀ ਭਾਰਤ ਵਿਚ ਆਈਟੀ ਆ ਗਈ ਸੀ ਅੱਜ ਉੱਥੇ ਇੰਡਸਟਰੀ ਅਤੇ ਰੁਜ਼ਗਾਰ ਦਾ ਸਿਸਟਮ ਬਦਲ ਗਿਆ ਹੈ। ਹੈਦਰਾਬਾਦ, ਬੰਗਲੁਰੂ ਆਈਟੀ ਹੱਬ ਬਣ ਗਏ। ਇਕ-ਇਕ ਬਿਲਡਿੰਗ ਵਿਚ 20-20 ਹਜ਼ਾਰ ਬੱਚੇ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਲੱਖ-ਲੱਖ ਰੁਪਏ ਤਨਖਾਹ ਮਿਲ ਰਹੀ ਹੈ। ਇਸ ਨਾਲ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋ ਰਿਹਾ ਹੈ। ਉਸ ਸਮੇਂ ਅਪਣੇ ਸੂਬੇ ਵਿਚ ਅਤਿਵਾਦ ਸੀ।
ਜੇਕਰ ਹਰਿਆਣਾ ਵਿਚੋਂ ਗੁਰੂਗ੍ਰਾਮ ਨੂੰ ਕੱਢ ਦਿੱਤਾ ਜਾਵੇ ਤਾਂ ਹਰਿਆਣਾ ਬਹੁਤ ਪਿੱਛੇ ਹੈ ਜੇਕਰ ਗੁਰੂਗ੍ਰਾਮ ਨੂੰ ਪਾ ਦਿੱਤਾ ਜਾਵੇ ਤਾਂ ਉਹ ਪੰਜਾਬ ਤੋਂ ਵੀ ਅੱਗੇ ਹੈ। ਪੰਜਾਬ ਖੇਤੀ ਵਾਲਾ ਸੂਬਾ ਹੈ, ਅਜੇ ਵੀ ਨੰਬਰ ਇਕ ’ਤੇ ਹੈ। ਸਾਨੂੰ ਅਪਣੀ ਸੋਚ ਵਿਚ ਬਦਲਾਅ ਲਿਆਉਣਾ ਹੋਵੇਗਾ, ਸਾਨੂੰ ਆਈਟੀ ਸੈਕਟਰ ਲਿਆਉਣਾ ਚਾਹੀਦਾ ਹੈ। ਦੱਖਣੀ ਭਾਰਤ ਭਰ ਚੁੱਕਿਆ ਹੈ, ਇਸ ਲਈ ਹੁਣ ਉੱਤਰੀ ਭਾਰਤ ਵਿਚ ਆਈਟੀ ਹੱਬ ਬਣਾਉਣ ਦੀ ਰਾਹ ਦੇਖੀ ਜਾ ਰਹੀ ਹੈ। ਮੋਹਾਲੀ ਏਅਰਪੋਰਟ ਬਣਾਉਣ ਦਾ ਸਾਡਾ ਮਕਸਦ ਇਹੀ ਸੀ। ਹਾਈਵੇਅ ਬਣਾਉਣ ਦਾ ਮਕਸਦ ਇਹੀ ਸੀ ਕਿ ਲੋਕ ਇੰਨਫਰਾਸਟਰਕਚਰ ਦੇਖ ਕੇ ਇੱਥੇ ਆਉਣ। ਅਸੀਂ ਇਨਫੋਸਿਸ ਲੈ ਕੇ ਆਏ ਸੀ ਪਰ ਇਹਨਾਂ ਨੇ ਪੰਜ ਸਾਲ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਸਾਡੀ ਯੋਜਨਾ ਹੈ ਕਿ ਮੋਹਾਲੀ ਅਤੇ ਅੰਮ੍ਰਿਤਸਰ ਨੂੰ ਆਈਟੀ ਹੱਬ ਬਣਾਇਆ ਜਾਵੇ, ਅਗਲੇ 5-7 ਸਾਲਾਂ ਵਿਚ ਲੱਖਾਂ ਬੱਚੇ ਇੱਥੇ ਕੰਮ ਕਰ ਸਕਦੇ ਹਨ। ਸਭ ਤੋਂ ਜ਼ਿਆਦਾ ਲੋਕ ਟੈਸਸਟਾਈਲ ਖੇਤਰ ਅਤੇ ਫੂਡ ਪ੍ਰੋਸੈਸਿੰਗ ਵਿਚ ਵੀ ਕੰਮ ਕਰਦੇ ਹਨ।
ਸਵਾਲ: ਬੀਬੀ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਰਹੇ, ਉਦੋਂ ਇਹ ਚੀਜ਼ਾਂ ਪੰਜਾਬ ਵਿਚ ਕਿਉਂ ਨਹੀਂ ਲਿਆ ਸਕੇ?
ਜਵਾਬ: ਅਸੀਂ ਤਿੰਨ ਫੂਡ ਪਾਰਕ ਲੈ ਕੇ ਆਏ, ਇਕ ਲੁਧਿਆਣਾ, ਦੂਜਾ ਫਿਰੋਜ਼ਪੁਰ ਅਤੇ ਤੀਜਾ ਫਗਵਾੜਾ ਵਿਚ ਹੈ। ਆਈਟੀਸੀ ਦੀ ਸਭ ਤੋਂ ਵੱਡੀ ਫੈਕਟਰੀ ਜੋ ਕਪੂਰਥਲਾ ਵਿਚ ਹੈ, ਉਹ ਮੈਂ ਲੈ ਕੇ ਆਇਆ ਸੀ। ਜਿੰਨੀ ਇਨਵੈਸਟਮੈਂਟ ਆਈ ਹੈ, ਉਹ ਸਾਡੇ ਸਮੇਂ ਹੀ ਆਈ ਸੀ।
ਅੰਮ੍ਰਿਤਸਰ ਵਿਚ ਹੈਰੀਟੇਜ ਸਟ੍ਰੀਟ ਬਣਾਉਣ ਨਾਲ ਟੂਰਿਜ਼ਮ ਤਿੰਨ ਗੁਣਾ ਵਧਿਆ ਹੈ। ਪਹਿਲਾਂ ਲੋਕ ਦਰਬਾਰ ਸਾਹਿਬ ਜਾਂਦੇ ਸੀ ਤਾਂ ਇਕ ਰਾਤ ਹੀ ਰਹਿੰਦੇ ਸੀ ਪਰ ਹੁਣ ਤਿੰਨ-ਤਿੰਨ ਰਾਤਾਂ ਰਹਿ ਕੇ ਜਾਂਦੇ ਹਨ ਕਿਉਂਕਿ ਅਸੀਂ ਵਿਕਾਸ ਕਰਵਾਇਆ। ਪੰਜਾਬ ਨੂੰ ਸੈਰ ਸਪਾਟਾ, ਆਈਟੀ ਸੈਕਟਰ, ਫੂਡ ਪ੍ਰੋਸੈਸਿੰਗ ਅਤੇ ਟੈਕਸਟਾਈਲ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਅਸੀਂ ਰੁਜ਼ਗਾਰ ਪੈਦਾ ਕਰ ਸਕਦੇ ਹਾਂ। ਸਾਨੂੰ ਅਪਣੇ ਪੰਜਾਬ ਅਤੇ ਪੰਜਾਬੀਆਂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਸਕਾਰਾਤਮਕ ਢੰਗ ਨਾਲ ਦੇਖੀਏ ਤਾਂ ਪੰਜਾਬ ਵਰਗਾ ਸੂਬਾ ਕੋਈ ਨਹੀਂ ਹੈ।
ਸਵਾਲ: ਸਭ ਤੋਂ ਚਿੰਤਾ ਦਾ ਵਿਸ਼ਾ ਭ੍ਰਿਸ਼ਟਾਚਾਰ ਅਤੇ ਮਾਫੀਆ ਵੀ ਹੈ। ਇਸ ਵਿਚ ਤੁਹਾਡਾ ਨਾਮ ਵੀ ਆਉਂਦਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਮੇਰਾ ਨਾਮ ਅਜੇ ਤੱਕ ਨਹੀਂ ਆਇਆ, ਸੀਐਮ ਚੰਨੀ ਦਾ ਆਇਆ ਜਦੋਂ ਪੈਸਾ ਫੜਿਆ ਗਿਆ ਸੀ। ਮਾਫੀਆ ਦੋ ਕਿਸਮ ਦਾ ਹੈ ਇਕ ਸ਼ਰਾਬ ਅਤੇ ਇਕ ਰੇਤ ਮਾਫੀਆ। ਜਦੋਂ ਸਾਡੀ ਬਣੀ ਤਾਂ ਅਸੀਂ ਦੋਵਾਂ ਲਈ ਕਾਰਪੋਰੇਸ਼ਨ ਬਣਾਵਾਂਗੇ। ਜੇਕਰ ਜਾਂਚ ਕੀਤੀ ਜਾਵੇ ਤਾਂ ਕਾਂਗਰਸ ਨੇ 2-3 ਸਾਲ ਪਹਿਲਾਂ ਰੇਤੇ ਦੀਆਂ ਖੱਡਾਂ ਨੂੰ ਨਿਲਾਮ ਕੀਤਾ, 200 ਕਰੋੜ ਵਿਚ ਨਿਲਾਮੀ ਹੋਈ। ਜਿਹੜੇ ਠੇਕੇਦਾਰ ਨੇ ਨਿਲਾਮੀ ਜਿੱਤੀ ਉਸ ਨੂੰ ਖੱਡਾਂ ਦਿੱਤੀਆਂ ਪਰ ਕਲਾਜ਼ ਲਗਾਇਆ ਗਿਆ ਕਿ ਉਹ ਸਰਕਾਰ ਨੂੰ ਪੈਸਾ ਤਾਂ ਦੇਣਗੇ ਜਦੋਂ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਫੋਰੈਕਸ ਦੀ ਕਲੀਅਰੈਂਸ ਮਿਲੇਗੀ। ਤਿੰਨ ਸਾਲ ਹੋ ਗਏ, ਉਹਨਾਂ ਨੇ ਇਕ ਰੁਪਈਆ ਵੀ ਜਮਾਂ ਨਹੀਂ ਕਰਵਾਇਆ। ਇਸ ਤੋਂ ਵੱਡਾ ਘੁਟਾਲਾ ਕੀ ਹੋ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਦਾ ਕੋਈ ਮਾਡਲ ਨਹੀਂ ਹੈ। ਉਹਨਾਂ ਦਾ ਇਕ ਹੀ ਮਾਡਲ ਹੈ, ਜਿਹੜਾ ਉਹਨਾਂ ਨੂੰ ਦੁੱਧ ਪਿਆਏਗਾ, ਉਸ ਦੀ ਲੱਤ ਵੰਢਣਗੇ। ਜਿਹੜੀ ਪਾਰਟੀ ਵਿਚ ਜਾਣਾ, ਉਸ ਨੂੰ ਖਤਮ ਕਰਨਾ ਸਿੱਧੂ ਦਾ ਮਾਡਲ ਹੈ। ਜਿਹੜਾ ਸੂਬਾ ਉਹਨਾਂ ਨੂੰ ਪਾਵਰ ਦੇਵੇਗਾ, ਪਹਿਲਾਂ ਉਹ ਉਸ ਨੂੰ ਖਤਮ ਕਰਨਗੇ। ਸਿੱਧੂ ਮਿਸਗਾਈਡਡ ਮਿਜ਼ਾਈਲ ਹੈ।
ਸਵਾਲ: ਤੁਹਾਡੀ ਇਕ ‘ਲਾਲ ਡਾਇਰੀ’ ਦੀ ਬਹੁਤ ਚਰਚਾ ਹੋ ਰਹੀ ਹੈ। ਬਦਲਾਖੋਰੀ ਦੀ ਸਿਆਸਤ ਦੇ ਇਲਜ਼ਾਮ ਵੀ ਲੱਗਦੇ ਹਨ। ਇਹ ਸਿਲਸਿਲਾ ਚਲਦਾ ਰਹੇਗਾ? ਕੀ ਇਹ ਡਾਇਰੀ ਸੱਚ ਵਿਚ ਹੈ?
ਜਵਾਬ: ਹਾਂ ਇਹ ਡਾਇਰੀ ਹੈ। ਅਸਲ ਵਿਚ ‘ਲਾਲ ਡਾਇਰੀ’ ਕੀ ਹੈ? ਅਸੀਂ ਉਹਨਾਂ ਅਫਸਰਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਨੇ ਝੂਠੇ ਕੇਸ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ। ਇਹਨਾਂ ਕਾਂਗਰਸੀਆਂ ਨੇ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਹਨ। ਅਫਸਰਾਂ ਦਾ ਕੰਮ ਹੈ ਇਨਸਾਫ ਦੇਣਾ, ਕਾਂਗਰਸੀ ਵਿਧਾਇਕਾਂ ਦੇ ਕਹਿਣ ’ਤੇ ਝੂਠੇ ਕੇਸ ਕੀਤੇ ਗਏ। ਇਸ ਨੂੰ ਰੋਕਣਾ ਚਾਹੀਦਾ ਹੈ। ਜਿਨ੍ਹਾਂ ਨੇ ਝੂਠੇ ਕੇਸ ਕੀਤੇ ਉਹਨਾਂ ਖਿਲਾਫ਼ ਜਾਂਚ ਕੀਤੀ ਜਾਵੇਗੀ ਅਤੇ ਨੌਕਰੀ ਤੋਂ ਮੁਅੱਤਲ ਕੀਤਾ ਜਾਵੇਗਾ। ਸਾਨੂੰ ਇਸ ਰਵਾਇਤ ਨੂੰ ਰੋਕਣਾ ਹੋਵੇਗਾ।
ਸਵਾਲ: ਤੁਹਾਡੇ ਅਨੁਸਾਰ ਚੋਣਾਂ ਵਿਚ ਤੁਹਾਨੂੰ ਕਿੰਨੀਆਂ ਸੀਟਾਂ ਮਿਲਣਗੀਆਂ?
ਜਵਾਬ: 80 ਤੋਂ ਵੱਧ ਸੀਟਾਂ ’ਤੇ ਅਕਾਲੀ ਦਲ ਆਏਗੀ।
ਸਵਾਲ: ਕੀ ਬਾਦਲ ਸਾਬ੍ਹ ਚੋਣ ਲੜਨਗੇ?
ਜਵਾਬ: 100 ਫੀਸਦ ਲੜਨਗੇ
ਸਵਾਲ: ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ?
ਜਵਾਬ: ਤੁਹਾਡੇ ਸਾਹਮਣੇ ਬੈਠਾ ਹੈ।