
ਬਾਦਲ ਵਲੋਂ ਰੈਲੀ ਦੌਰਾਨ ਦਿਤੇ ਭਾਸ਼ਨ 'ਤੇ ਚੁੱਕੇ ਸਵਾਲ
ਚੰਡੀਗੜ੍ਹ : ਕਾਂਗਰਸੀ ਮੰਤਰੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਹਿੰਸਾ ਉਤੇ ਮੋਦੀ ਸਰਕਾਰ ਵਿਰੁਧ ਬੜਕਾਂ ਮਾਰਨ ਦੀ ਬਜਾਏ ਕੋਈ ਠੋਸ ਕਦਮ ਚੁੱਕਣ ਲਈ ਵੰਗਾਰਦਿਆਂ ਨਸੀਹਤ ਦਿਤੀ ਹੈ ਕਿ ਉਹ ਸੱਭ ਤੋਂ ਪਹਿਲਾ ਅਪਣੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਕੋਲੋਂ ਮੋਦੀ ਸਰਕਾਰ ਵਿਚੋਂ ਅਸਤੀਫ਼ਾ ਦਿਵਾਉਣ।
Photo
ਅੱਜ ਇਥੇ ਜਾਰੀ ਸਾਂਝੇ ਪ੍ਰੈੱਸ ਬਿਆਨ ਵਿਚ ਸੀਨੀਅਰ ਕਾਂਗਰਸੀ ਆਗੂਆਂ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵੱਡੇ ਬਾਦਲ ਵਲੋਂ ਬਠਿੰਡਾ ਵਿਖੇ ਅਕਾਲੀ ਦਲ ਦੀ ਰੈਲੀ ਦੌਰਾਨ ਦੇਸ਼ ਵਿਚ ਘੱਟ ਗਿਣਤੀਆਂ ਲਈ ਡਰ, ਅਸਰੁੱਖਿਆ ਤੇ ਅਨਿਸ਼ਚਤਤਾ ਦਾ ਮਾਹੌਲ ਕਹਿਣ ਨਾਲ ਅਕਾਲੀ ਦਲ ਇਸ ਮਾਮਲੇ ਵਿਚ ਭਾਜਪਾ ਜਿੰਨਾ ਹੀ ਜ਼ਿੰਮੇਵਾਰ ਹੋਣ ਤੋਂ ਸੁਰਖ਼ਰੂ ਨਹੀਂ ਹੋ ਸਕਦਾ।
Photo
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਚ ਭਾਈਵਾਲੀ ਅਕਾਲੀ ਦਲ ਨੇ ਪਹਿਲਾ ਸੀਏਏ ਦੇ ਮੁੱਦੇ ਉਤੇ ਪਾਰਲੀਮੈਂਟ ਵਿਚ ਵੋਟ ਪਾਈ ਅਤੇ ਉਸ ਤੋਂ ਬਾਅਦ ਦਿੱਲੀ ਵਿਚ ਘੱਟ ਗਿਣਤੀਆਂ ਉਤੇ ਹੋਏ ਦਮਨ ਉਪਰ ਕੋਈ ਬਿਆਨ ਜਾਂ ਨਿੰਦਾ ਨਹੀਂ ਕੀਤੀ ਗਈ। ਇਸ ਤੋਂ ਵੀ ਵੱਡੀ ਗੱਲ ਬਾਦਲ ਦੀ ਨੂੰਹ ਹਰਸਿਮਰਤ ਬਾਦਲ ਮੋਦੀ ਸਰਕਾਰ ਵਿਚ ਵਜ਼ੀਰੀ ਦਾ ਸੁੱਖ ਮਾਣ ਰਹੀ ਹੈ।
Photo
ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਇਹ ਬਾਦਲਾਂ ਦੀ ਮੁੱਢ ਤੋਂ ਹੀ ਆਦਤ ਰਹੀ ਹੈ ਕਿ ਉਨ੍ਹਾਂ ਨੇ ਕੌਮੀ ਮੁੱਦਿਆਂ ਉਤੇ ਦੋਗਲਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜੇ ਵੱਡੇ ਬਾਦਲ ਸੱਚਮੁੱਚ ਇਸ ਮਾਮਲੇ ਨੂੰ ਲੈ ਕੇ ਗੰਭੀਰ ਅਤੇ ਘੱਟ ਗਿਣਤੀਆਂ ਪ੍ਰਤੀ ਫਿਕਰਮੰਦੀ ਰੱਖਦੇ ਹਨ ਤਾਂ ਉਹ ਪਹਿਲਾ ਹਰਸਿਮਰਤ ਬਾਦਲ ਤੋਂ ਅਸਤੀਫ਼ਾ ਦਿਵਾਉਣ ਨਹੀਂ ਤਾਂ ਫ਼ੋਕੀ ਬਿਆਨਬਾਜ਼ੀ ਕਰ ਕੇ ਮੱਗਰਮੱਛ ਦੇ ਹੰਝੂ ਵਹਾਉਣ ਵਾਲਾ ਕੰਮ ਨਾ ਕਰਨ।